ਕੈਨੇਡਿਆਈ ਫ਼ੌਜ ਵਿੱਚ ਵਿਦੇਸ਼ੀਆਂ ਦੀ ਭਰਤੀ ਸ਼ੁਰੂ
ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੇ ਪੱਕੇ ਰਿਹਾਇਸ਼ੀ (ਪੀ ਆਰ) ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਆ ਬਲਾਂ ਵਿੱਚ ਭਰਤੀ ਕੀਤਾ ਜਾਣ ਲੱਗਾ ਹੈ। ਇਸ ਵਿੱਚ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਤਿੰਨੋ ਸੈਨਾਵਾਂ ਸ਼ਾਮਲ ਹਨ।
ਸਰਕਾਰ ਨੂੰ ਸੁਰੱਖਿਆ ਬਲਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ, ਜਿਸ ਨੂੰ ਪੂਰਾ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਫ਼ਿਲਹਾਲ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਬਲਾਂ ਵਿੱਚ ਬਹੁਤ ਘੱਟ ਭਰਤੀ ਕੀਤੀ ਗਈ ਹੈ, ਜਿਸ ਵਿੱਚ ਮਾਰਕ ਕਾਰਨੀ ਸਰਕਾਰ ਨੇ ਤੇਜ਼ੀ ਲਿਆਂਦੀ ਹੈ। ਕੈਨੇਡਾ ਦੀ ਮੌਜੂਦਾ ਸਰਕਾਰ ਜੰਗੀ ਪੱਧਰ ’ਤੇ ਸੁਰੱਖਿਆ ਬਲਾਂ ਵਿੱਚ ਭਰਤੀ ਕਰੇਗੀ। ਜਿਹੜੇ ਪੀ ਆਰ ਲੋਕਾਂ ਨੂੰ ਸੁਰੱਖਿਆ ਬਲਾਂ ਵਿੱਚ ਭਰਤੀ ਕੀਤਾ ਜਾਂਦਾ ਹੈ, ਉਨ੍ਹਾਂ ਵੱਲੋਂ ਜਮ੍ਹਾ ਕੀਤੀ ਗਈ ਭਰਤੀ ਅਰਜ਼ੀ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ, ਸਾਰੀਆਂ ਸ਼ਰਤਾਂ ਅਤੇ ਮਿਆਰ ’ਤੇ ਖਰਾ ਉਤਰਨ ਵਾਲੀਆਂ ਅਰਜ਼ੀਆਂ ਨੂੰ ਹੀ ਅੱਗੇ ਕਾਰਵਾਈ ਲਈ ਭੇਜਿਆ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਮੁਢਲੇ ਪੱਧਰ ਸਿਪਾਹੀ ਤੋਂ ਉੱਚ ਅਧਿਕਾਰੀਆਂ ਤੱਕ ਦੀ ਭਰਤੀ ਕੀਤੀ ਜਾਣੀ ਹੈ। ਚੁਣੇ ਹੋਏ ਉਮੀਦਵਾਰਾਂ ਨੂੰ ਸਿਖਲਾਈ ਕੇਂਦਰਾਂ ਵਿੱਚ ਭੇਜਿਆ ਜਾਵੇਗਾ, ਤਿੰਨ ਕੁ ਮਹੀਨੇ ਦੀ ਮੁਢਲੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਡਿਊਟੀਆਂ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ।
