ਕਵਾਤੜਾ ਵੱਲੋਂ ਅਮਰੀਕੀ ਸੈਨੇਟਰ ਨਾਲ ਗੱਲਬਾਤ
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤੜਾ ਨੇ ਅਮਰੀਕੀ ਸੈਨੇਟਰ ਸਟੀਵ ਡੇਨਸ ਨਾਲ ਇੱਕ ਮੀਟਿੰਗ ਕੀਤੀ। ਇਸ ਦੌਰਾਨ ਕਵਾਤੜਾ ਵੱਲੋਂ ਅਮਰੀਕੀ ਆਗੂ ਨਾਲ ਦੁਵੱਲੇ ਵਪਾਰ ਅਤੇ ਦੋਹਾਂ ਦੇਸ਼ਾਂ ਦਰਮਿਆਨ 10 ਸਾਲਾਂ ਦੇ ਰੱਖਿਆ ਢਾਂਚੇ ਦੇ ਸਮਝੌਤੇ ’ਤੇ ਦਸਤਖ਼ਤ ਕਰਨ ਬਾਰੇ ਚਰਚਾ ਕੀਤੀ। ਭਾਰਤੀ ਸਫ਼ੀਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਪਾਈ, ‘‘ਸੈਨੇਟ ਦੀ ਵਿਦੇਸ਼ ਸਬੰਧਾਂ ਬਾਰੇ ਕਮੇਟੀ ਦੇ ਸਤਿਕਾਰਤ ਮੈਂਬਰ ਸੈਨੇਟਰ ਸਟੀਵ ਡੇਨਸ ਨੂੰ ਮਿਲਣਾ ਮੇਰੇ ਲਈ ਮਾਣ ਵਾਲੀ ਗੱਲ ਸੀ। ਮੈਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਜ਼ੋਰਦਾਰ ਸਮਰਥਨ ਲਈ ਸੈਨੇਟਰ ਦਾ ਧੰਨਵਾਦ ਕੀਤਾ।’’ ਕਵਾਤੜਾ ਨੇ ਸੈਨੇਟਰ ਨਾਲ ਤਕਨਾਲੋਜੀ, ਨਵੀਨਤਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਸਹੀਬੱਧ ਹੋਏ ਰੱਖਿਆ ਸਮਝੌਤੇ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਕਵਾਤੜਾ ਨੇ ਕਿਹਾ, ‘‘ਸਾਡੇ ਦੇਸ਼ਾਂ ਦਰਮਿਆਨ ਮੌਜੂਦਾ ਦੁਵੱਲੇ ਵਪਾਰਕ ਸਬੰਧਾਂ, 10 ਸਾਲਾਂ ਦੇ ਰੱਖਿਆ ਢਾਂਚੇ ਦੇ ਸਮਝੌਤੇ ’ਤੇ ਦਸਤਖ਼ਤ ਕਰਨ ਅਤੇ ਤਕਨਾਲੋਜੀ ਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ ਬਾਰੇ ਸਾਡੀ ਇੱਕ ਗਿਆਨ ਭਰਪੂਰ ਗੱਲਬਾਤ ਹੋਈ।’’ਕਵਾਤੜਾ ਨੇ ਸੈਨੇਟਰ ਡੇਨਸ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਹ ਅਮਰੀਕੀ ਸੈਨੇਟ ਵਿੱਚ ਦੁਵੱਲੇ ਸਬੰਧਾਂ ਦੀਆਂ ਤਰਜੀਹਾਂ ਨੂੰ ਅੱਗੇ ਵਧਾ ਰਹੇ ਹਨ। ਉਹ ਲਗਾਤਾਰ ਅਮਰੀਕੀ ਸੈਨੇਟਰਾਂ ਅਤੇ ਕਾਨੂੰਨਸਾਜ਼ਾਂ ਨਾਲ ਮੀਟਿੰਗਾਂ ਕਰ ਰਹੇ ਹਨ। ਇਹ ਮੀਟਿੰਗਾਂ ਅਜਿਹੇ ਸਮੇਂ ਵਿੱਚ ਹੋ ਰਹੀਆਂ ਹਨ ਜਦੋਂ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਹੈ, ਖਾਸ ਕਰ ਕੇ ਉਸ ਤੋਂ ਬਾਅਦ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਵਸਤਾਂ ’ਤੇ ਟੈਰਿਫ ਦੁੱਗਣਾ ਕਰ ਕੇ 50 ਫੀਸਦ ਕਰ ਦਿੱਤਾ ਸੀ।
