ਪੋਪ ਫਰਾਂਸਿਸ ਦੀ ਹਾਲਤ ਸਥਿਰ ਪਰ ਨਾਜ਼ੁਕ
ਹਸਪਤਾਲ ’ਚ ਦਾਖ਼ਲ ਪੋਪ ਫਰਾਂਸਿਸ ਦੀ ਹਾਲਤ ਸਥਿਰ ਪਰ ਨਾਜ਼ੁਕ ਬਣੀ ਹੋਈ ਹੈ। ਵੈਟੀਕਨ ਨਿਊਜ਼ ਮੁਤਾਬਕ ਪੋਪ ਨੇ ਮੰਗਲਵਾਰ ਦੀ ਰਾਤ ਆਰਾਮ ਨਾਲ ਗੁਜ਼ਾਰੀ। ‘ਡਬਲ ਨਿਮੂਨੀਆ’ ਤੋਂ ਪੀੜਤ ਪੋਪ ਦੀ ਛੇਤੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪੈਰੋਕਾਰ, ਦੋਸਤ ਅਤੇ ਹੋਰ ਵਿਅਕਤੀ ਰੋਮ ’ਚ ਜਮ੍ਹਾਂ ਹੋਏ ਅਤੇ ਉਨ੍ਹਾਂ ਵਿਸ਼ੇਸ਼ ਪ੍ਰਾਰਥਨਾ ਕੀਤੀ। ਵੈਟੀਕਨ ਨੇ ਪੋਪ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘‘ਪੋਪ ਰਾਤ ਸਮੇਂ ਚੈਨ ਨਾਲ ਸੁੱਤੇ ਅਤੇ ਉਨ੍ਹਾਂ ਆਰਾਮ ਕੀਤਾ।’’ ਡਾਕਟਰਾਂ ਨੇ ਕਿਹਾ ਕਿ ਪੋਪ ਫਰਾਂਸਿਸ ਨੂੰ ਸਾਹ ਸਬੰਧੀ ਕੋਈ ਨਵੀਂ ਪ੍ਰੇਸ਼ਾਨੀ ਨਹੀਂ ਹੋਈ। ਫੇਫੜੇ ਦੀ ਲਾਗ ਦੀ ਜਾਂਚ ਲਈ ਮੰਗਲਵਾਰ ਸ਼ਾਮ ਉਨ੍ਹਾਂ ਦਾ ਦੁਬਾਰਾ ਸੀਟੀ ਸਕੈਨ ਕੀਤਾ ਗਿਆ। ਉਂਜ ਜਾਂਚ ਦਾ ਨਤੀਜਾ ਅਜੇ ਨਹੀਂ ਦੱਸਿਆ ਗਿਆ ਹੈ। ਫਰਾਂਸਿਸ ਨੇ ਹਸਪਤਾਲ ਤੋਂ ਹੀ ਆਪਣਾ ਕੰਮ ਸੰਭਾਲਿਆ ਹੋਇਆ ਹੈ ਅਤੇ ਮੰਗਲਵਾਰ ਨੂੰ ਉਨ੍ਹਾਂ ਕੁਝ ਅਹਿਮ ਫ਼ੈਸਲਿਆਂ ਦਾ ਐਲਾਨ ਕੀਤਾ। ਉਨ੍ਹਾਂ ਗਾਜ਼ਾ ਦੇ ਪਾਦਰੀ ਨਾਲ ਉਚੇਚੇ ਤੌਰ ’ਤੇ ਗੱਲਬਾਤ ਵੀ ਕੀਤੀ ਜਿਸ ਦੀ ਪਾਦਰੀ ਨੇ ਵੀਡੀਓ ਨਸ਼ਰ ਕੀਤੀ ਅਤੇ ਕਿਹਾ ਕਿ ਪੋਪ ਨੇ ਉਨ੍ਹਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਹੈ। ਪੋਪ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਰਹੇ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ। ਪੋਪ ਫਰਾਂਸਿਸ ਨੂੰ 14 ਫਰਵਰੀ ਨੂੰ ਸਾਹ ਲੈਣ ’ਚ ਦਿੱਕਤ ਆਉਣ ਮਗਰੋਂ ਰੋਮ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। -ਏਐੱਨਆਈ