PM Modi meets US Intelligence chief Gabbard: ਮੋਦੀ ਵੱਲੋਂ ਅਮਰੀਕੀ ਇੰਟੈਲੀਜੈਂਸ ਮੁਖੀ ਗਬਾਰਡ ਨਾਲ ਮੁਲਾਕਾਤ, ‘ਭਾਰਤ-ਅਮਰੀਕਾ ਦੋਸਤੀ’ ’ਤੇ ਕੀਤੀ ਚਰਚਾ
ਵਾਸ਼ਿੰਗਟਨ, 13 ਫਰਵਰੀ
ਇੱਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਰਸਮੀ ਅਧਿਕਾਰਤ ਮੀਟਿੰਗ ਦੌਰਾਨ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਬੁੱਧਵਾਰ ਰਾਤ ਨੂੰ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ‘ਐਕਸ’ ’ਤੇ ਪੋਸਟ ਕਰਦਿਆਂ ਲਿਖਿਆ ‘‘ਗਬਾਰਡ ਨੂੰ ਇਸ ਨਵੀਂ ਨਿਯੁਕਤੀ ’ਤੇ ਵਧਾਈ ਦਿੱਤੀ ਅਤੇ ਭਾਰਤ-ਅਮਰੀਕਾ ਦੋਸਤੀ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ।’’
ਜ਼ਿਕਰਯੋਗ ਹੈ ਕਿ ਗਬਾਰਡ ਨੇ ਦੇਸ਼ ਦੀ ਚੋਟੀ ਦੀ ਇੰਟੈਲੀਜੈਂਸ ਨੌਕਰੀ ਲਈ ਬੁੱਧਵਾਰ ਨੂੰ ਸੈਨੇਟ ਦੇ ਵੋਟ ਜਿੱਤੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਕੁਝ ਘੰਟੇ ਪਹਿਲਾਂ ਸਹੁੰ ਚੁੱਕੀ। ਉਹ ਇੱਕ ਅਮਰੀਕੀ ਹਿੰਦੂ ਹੈ। ਉਹ ਪਹਿਲਾਂ ਵੀ ਕਈ ਵਾਰ ਪੀਐਮ ਮੋਦੀ ਨੂੰ ਮਿਲ ਚੁੱਕੀ ਹੈ।
ਇਸ ਦੌਰਾਨ ਵਿਦੇਸ਼ ਮੰਤਰਾਲਾ (MEA) ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਬੁੱਧਵਾਰ ਦੀ ਮੀਟਿੰਗ ਦੌਰਾਨ ਹੋਈ ਚਰਚਾ ਅਤਿਵਾਦ ਵਿਰੋਧੀ, ਸਾਈਬਰ ਸੁਰੱਖਿਆ ਅਤੇ ਉੱਭਰ ਰਹੇ ਖਤਰਿਆਂ ਵਿੱਚ ਖੁਫੀਆ ਸਹਿਯੋਗ ਵਧਾਉਣ ’ਤੇ ਵੀ ਕੇਂਦਰਿਤ ਸੀ।
ਪੀਐਮ ਮੋਦੀ ਬੁੱਧਵਾਰ ਸ਼ਾਮ ਕਰੀਬ 5:30 ਵਜੇ ਅਮਰੀਕਾ ਦੀ ਰਾਜਧਾਨੀ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ ’ਚ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਕਿਹਾ, "ਸਾਡੇ ਦੇਸ਼ ਸਾਡੇ ਲੋਕਾਂ ਦੇ ਫਾਇਦੇ ਅਤੇ ਸਾਡੀ ਧਰਤੀ ਦੇ ਬਿਹਤਰ ਭਵਿੱਖ ਲਈ ਮਿਲ ਕੇ ਕੰਮ ਕਰਦੇ ਰਹਿਣਗੇ।" -ਆਈਏਐੱਨਐੱਸ