ਗਾਜ਼ਾ ’ਚ ਜੰਗਬੰਦੀ ਮਗਰੋਂ ਘਰਾਂ ਨੂੰ ਪਰਤੇ ਫ਼ਲਸਤੀਨੀ
ਅਮਰੀਕਾ ਦੀ ਸਾਲਸੀ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਲਾਗੂ ਹੋਣ ਮਗਰੋਂ ਬੀਤੇ ਦਿਨ ਹਜ਼ਾਰਾਂ ਫ਼ਲਸਤੀਨੀ ਉੱਤਰੀ ਗਾਜ਼ਾ ਪਰਤੇ ਹਨ। ਇਸ ਸਮਝੌਤੇ ਨਾਲ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਖਤਮ ਹੋਣ ਦੀ ਉਮੀਦ ਵੱਧ ਗਈ ਹੈ। ਹਮਾਸ ਵੱਲੋਂ ਬਾਕੀ ਸਾਰੇ ਬੰਦੀਆਂ ਨੂੰ ਕੁਝ ਹੀ ਦਿਨਾਂ ਅੰਦਰ ਰਿਹਾਅ ਕਰ ਦਿੱਤਾ ਜਾਵੇਗਾ। ਸਮਝੌਤੇ ਦੇ ਬਾਵਜੂਦ ਇਹ ਸਵਾਲ ਬਰਕਰਾਰ ਹੈ ਕਿ ਇਜ਼ਰਾਇਲੀ ਸੈਨਿਕਾਂ ਦੇ ਹੌਲੀ-ਹੌਲੀ ਪਿੱਛੇ ਹਟਣ ਤੋਂ ਬਾਅਦ ਗਾਜ਼ਾ ’ਤੇ ਸ਼ਾਸਨ ਕੌਣ ਕਰੇਗਾ ਅਤੇ ਕੀ ਹਮਾਸ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜੰਗਬੰਦੀ ਯੋਜਨਾ ਅਨੁਸਾਰ ਹਥਿਆਰ ਸੁੱਟੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮਾਰਚ ਵਿੱਚ ਜੰਗਬੰਦੀ ਸਮਝੌਤਾ ਇੱਕਪਾਸੜ ਢੰਗ ਨਾਲ ਖਤਮ ਕਰ ਦਿੱਤਾ ਸੀ। ਉਨ੍ਹਾਂ ਇਸ ਵਾਰ ਵੀ ਸੰਕੇਤ ਦਿੱਤਾ ਹੈ ਕਿ ਜੇ ਹਮਾਸ ਹਥਿਆਰ ਨਹੀਂ ਸੁੱਟਦਾ ਤਾਂ ਇਜ਼ਰਾਈਲ ਹਮਲਾ ਮੁੜ ਤੋਂ ਸ਼ੁਰੂ ਕਰ ਸਕਦਾ ਹੈ। ਜੰਗ ਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਨਾਲ ਹੋਈ ਸੀ ਜਿਸ ’ਚ ਤਕਰੀਬਨ 1200 ਵਿਅਕਤੀ ਮਾਰੇ ਗਏ ਸਨ ਤੇ 251 ਵਿਅਕਤੀਆਂ ਨੂੰ ਬੰਦੀ ਬਣਾ ਲਿਆ ਗਿਆ ਹੈ। ਇਜ਼ਾਈਲ ਦੇ ਜਵਾਬੀ ਹਮਲਿਆਂ ’ਚ 67 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ ਤੇ ਤਕਰੀਬਨ 1,70,000 ਜ਼ਖ਼ਮੀ ਹੋਏ ਹਨ।