ਪਾਕਿਸਤਾਨ: ਰਾਸ਼ਟਰਪਤੀ ਜ਼ਰਦਾਰੀ ਨੂੰ ਗੱਦੀਓਂ ਲਾਂਭੇ ਕਰਨ ਦੇ ਕਿਆਸ ਖਾਰਜ
ਇਸਲਾਮਾਬਾਦ, 10 ਜੁਲਾਈ
ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਅਹੁਦੇ ਹਟਾਉਣ ਦੇ ਕਿਆਫਿਆਂ ਨੂੰ ਅੱਜ ਰੱਦ ਕਰ ਦਿੱਤਾ ਅਤੇ ਇਸ ਨੂੰ ਇੱਕ ‘ਮੰਦਭਾਵਨਾ ਵਾਲੀ ਮੁਹਿੰਮ’ ਕਰਾਰ ਦਿੱਤਾ। ਨਕਵੀ ਨੇ ਇਹ ਬਿਆਨ ਸੋਸ਼ਲ ਮੀਡੀਆ ’ਤੇ ਲੱਗ ਰਹੀਆਂ ਅਟਕਲਾਂ, ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਹੁਣ ਆਸਿਫ਼ ਅਲੀ ਜ਼ਰਦਾਰੀ ਦੀ ਜਗ੍ਹਾ ਮੁਲਕ ਦੇ ਰਾਸ਼ਟਰਪਤੀ ਬਣਨਗੇ, ਦੌਰਾਨ ਦਿੱਤਾ ਹੈ।
ਨਕਵੀ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਚੀਫ ਆਫ ਆਰਮੀ ਸਟਾਫ ਨੂੰ ਨਿਸ਼ਾਨਾ ਬਣਾ ਕੇ ਚਲਾਈ ਜਾ ਮੰਦਭਾਵਨਾ ਵਾਲੀ ਮੁਹਿੰਮ ਪਿੱਛੇ ਕੌਣ ਹੈ, ਇਸ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।’’ ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ।
ਉਨ੍ਹਾਂ ਕਿਹਾ, ‘‘ਮੈਂ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਰਾਸ਼ਟਰਪਤੀ ਨੂੰ ਅਸਤੀਫ਼ਾ ਦੇਣ ਲਈ ਆਖਣ ਜਾਂ ਫੌਜ ਮੁਖੀ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੀ ਇੱਛਾ ਜਤਾਉਣ ਬਾਰੇ ਨਾ ਕੋਈ ਚਰਚਾ ਹੋਈ ਹੈ ਅਤੇ ਨਾ ਹੀ ਅਜਿਹਾ ਕੋਈ ਵਿਚਾਰ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਜ਼ਰਦਾਰੀ ਦੇ ‘ਹਥਿਆਰਬੰਦ ਬਲਾਂ ਦੀ ਲੀਡਰਸ਼ਿਪ’ ਨਾਲ ਮਜ਼ਬੂਤ ਤੇ ਸਨਮਾਨਜਨਕ ਸਬੰਧ ਹਨ। ਉਨ੍ਹਾਂ ਨੇ ਰਾਸ਼ਟਰਪਤੀ ਜ਼ਰਦਾਰੀ ਦੇ ਹਵਾਲੇ ਨਾਲ ਆਖਿਆ, ‘‘ਮੈਨੂੰ ਪਤਾ ਹੈ ਕਿ ਇਹ ਝੂਠ ਕੌਣ ਫੈਲਾਅ ਰਿਹਾ ਹੈ, ਉਹ ਅਜਿਹਾ ਕਿਉਂ ਕਰ ਰਹੇ ਹਨ ਅਤੇ ਇਸ ਗਲਤ ਪ੍ਰਚਾਰ ਦਾ ਕਿਸ ਨੂੰ ਫਾਇਦਾ ਹੋ ਰਿਹਾ ਹੈ।’’ ਨਕਵੀ ਨੇ ਕਿਹਾ ਕਿ ਫੌਜ ਮੁਖੀ ਮੁਨੀਰ ਦਾ ‘‘ਧਿਆਨ ਸਿਰਫ਼’’ ਪਾਕਿਸਤਾਨ ਦੀ ਤਾਕਤ ਅਤੇ ਸਥਿਰਤਾ ’ਤੇ ਹੈ, ‘‘ਹੋਰ ਕਿਤੇ ਨਹੀਂ।’’ -ਪੀਟੀਆਈ