ਅਫ਼ਗਾਨ ਤਾਲਿਬਾਨ ਸ਼ਾਸਨ ਨੂੰ ਮਾਨਤਾ ਦੇਣ ਦੀ ਪਾਕਿ ਨੂੰ ਕਾਹਲੀ ਨਹੀਂ
ਇਸਲਾਮਾਬਾਦ, 6 ਜੁਲਾਈ
ਪਾਕਿਸਤਾਨ ਨੂੰ ਅਫ਼ਗਾਨ ਤਾਲਿਬਾਨ ਸਰਕਾਰ ਨੂੰ ਮਾਨਤਾ ਦੀ ਕੋਈ ਕਾਹਲੀ ਨਹੀਂ ਹੈ ਅਤੇ ਕੋਈ ਵੀ ਫ਼ੈਸਲਾ ਦੇਸ਼ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਲਿਆ ਜਾਵੇਗਾ। ਇੱਥੇ ਅਧਿਕਾਰੀਆਂ ਨੇ ਇਹ ਗੱਲ ਆਖੀ।
ਇਹ ਬਿਆਨ ਰੂਸ ਵੱਲੋਂ ਤਾਲਿਬਾਨ ਸ਼ਾਸਨ ਨੂੰ ਮਾਨਤਾ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਆਇਆ ਹੈ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੂਸ ਦਾ ਫ਼ੈਸਲਾ ਖੇਤਰ ਦੇ ਹੋਰ ਮੁਲਕਾਂ ਨੂੰ ਤਾਲਿਬਾਨ ਨੂੰ ਪ੍ਰਵਾਨ ਕਰਨ ਲਈ ਧਾਰਨਾ ਬਣ ਸਕਦਾ ਹੈ।
ਹਾਲਾਂਕਿ, ਪਾਕਿਸਤਾਨ ’ਚ ਅਧਿਕਾਰੀਆਂ ਨੇ ਅਖ਼ਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੂੰ ਕਿਹਾ ਕਿ ਰੂਸ ਦਾ ਫ਼ੈਸਲਾ ਹੈਰਾਨੀਜਨਕ ਨਹੀਂ ਹੈ ਕਿਉਂਕਿ ਮਾਸਕੋ ਨੇ ਕੁਝ ਸਮੇਂ ਲਈ ਸੰਕੇਤ ਦਿੱਤਾ ਸੀ ਕਿ ਉਹ ਇਸ ਤੱਥ ਨੂੰ ਮੰਨ ਲਵੇਗਾ ਕਿ ਹੁਣ ਤਾਲਿਬਾਨ ਦੇ ਹੱਥ ਕਮਾਨ ਹੈ ਤੇ ਉਨ੍ਹਾਂ ਦੇ ਸ਼ਾਸਨ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਪਾਕਿਸਤਾਨ ਦੇ ਇੱਕ ਅਧਿਕਾਰੀ ਨੇ ਇਹ ਪੁੱਛੇ ਜਾਣ ’ਤੇ ਕਿ ਕੀ ਇਸਲਾਮਾਬਾਦ ਵੀ ਤਾਲਿਬਾਨ ਸ਼ਾਸਨ ਨੂੰ ਮਾਨਤਾ ਦੇਵੇਗਾ, ਦੇ ਜਵਾਬ ’ਚ ਕਿਹਾ, ‘‘ਅਸੀ ਯਕੀਨੀ ਤੌਰ ’ਤੇ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਫ਼ੈਸਲਾ ਲਵਾਂਗੇ। ਮੈਂ, ਤੁਹਾਨੂੰ ਕਹਿ ਸਕਦਾ ਹਾਂ ਕਿ ਕੋਈ ਕਾਹਲੀ ਨਹੀਂ ਹੈ।’’ ਇੱਕ ਸੂਤਰ ਨੇ ਹਾਲਾਂਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਜੇਕਰ ਖੇਤਰ ਦੇ ਹੋਰ ਮੁਲਕ ਰੂਸ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹਨ ਤਾਂ ਪਾਕਿਸਤਾਨ ਹੋਰ ਵੀ ਜ਼ਿਆਦਾ ਵਿਹਾਰਕ ਪਹੁੰਚ ਅਪਣਾਏਗਾ। -ਪੀਟੀਆਈ