ਪਾਕਿ ਲਾਦੇਨ ਦੇ ਉਸ ਦੀ ਧਰਤੀ ’ਤੇ ਮਾਰੇ ਜਾਣ ਤੋਂ ਮੁਨਕਰ ਨਹੀਂ ਹੋ ਸਕਦਾ: ਇਜ਼ਰਾਈਲ
ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਾਕਿਸਤਾਨ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸਲਾਮਾਬਾਦ ਇਸ ਗੱਲ ਨੂੰ ਨਕਾਰ ਨਹੀਂ ਸਕਦਾ ਕਿ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਉਸ ਨੇ ਹੀ ਆਪਣੀ ਧਰਤੀ ’ਤੇ ਸ਼ਰਨ ਦਿੱਤੀ ਸੀ ਅਤੇ ਉਹ ਉੱਥੇ ਹੀ ਮਾਰਿਆ ਗਿਆ।
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਸਥਾਈ ਪ੍ਰਤੀਨਿਧ ਡੈਨੀ ਡੈਨਨ ਨੇ ਪਾਕਿਸਤਾਨ ਦੇ ਰਾਜਦੂਤ ਅਸੀਮ ਇਫ਼ਤਿਖਾਰ ਅਹਿਮਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਜਦੋਂ ਬਿਨ ਲਾਦੇਨ ਨੂੰ ਪਾਕਿਸਤਾਨ ਵਿੱਚ ਮਾਰਿਆ ਗਿਆ ਸੀ, ਉਦੋਂ ਇਹ ਸਵਾਲ ਨਹੀਂ ਪੁੱਛਿਆ ਗਿਆ ਸੀ ਕਿ ਵਿਦੇਸ਼ੀ ਧਰਤੀ ’ਤੇ ਇਕ ਅਤਿਵਾਦੀ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ?’’ ਡੈਨਨ ਨੇ ਕਿਹਾ, ‘‘ਕਿਸੇ ਨੇ ਇਹ ਸਵਾਲ ਨਹੀਂ ਪੁੱਛਿਆ। ਸਵਾਲ ਇਹ ਸੀ ਕਿ ਆਖ਼ਰਕਾਰ ਇਕ ਅਤਿਵਾਦੀ ਨੂੰ ਸ਼ਰਨ ਕਿਉਂ ਦਿੱਤੀ ਗਈ? ਅੱਜ ਵੀ ਇਹੀ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ, ਜਦੋਂ ਬਿਨ ਲਾਦੇਨ ਨੂੰ ਨਹੀਂ ਬਖ਼ਸ਼ਿਆ ਗਿਆ ਤਾਂ ਹਮਾਸ ਨੂੰ ਵੀ ਨਹੀਂ ਬਖ਼ਸ਼ਿਆ ਜਾ ਸਕਦਾ।’’ ਇਸ ਤੋਂ ਪਹਿਲਾਂ ਅਹਿਮਦ ਨੇ ਆਪਣੇ ਸੰਬੋਧਨ ਦੌਰਾਨ ਕਤਰ ਖ਼ਿਲਾਫ਼ ਇਜ਼ਰਾਈਲ ਦੇ ‘ਅਵੈਧ ਅਤੇ ਬਿਨਾ ਕਾਰਨ ਹਮਲੇ’ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਜ਼ਰਾਈਲ ਅਤੇ ਪਾਕਿਸਤਾਨ ਦੇ ਦੂਤਾਂ ਵਿਚਾਲੇ ਇਹ ਤਿੱਖੀ ਬਹਿਸ ਵੀਰਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹਮਾਸ ਆਗੂਆਂ ’ਤੇ ਇਜ਼ਰਾਇਲੀ ਹਮਲੇ ਨੂੰ ਲੈ ਕੇ ਚਰਚਾ ਲਈ ਕਰਵਾਈ ਗਈ ਸਲਾਮਤੀ ਕੌਂਸਲ ਦੀ ਮੀਟਿੰਗ ਦੌਰਾਨ ਹੋਈ।