ਪਾਕਿਸਤਾਨ: ਪੰਜਾਬ ਪ੍ਰਾਂਤ ਵਿੱਚ ਬਚਾਅ ਕਾਰਜਾਂ ’ਚ ਜੁਟੀ ਕਿਸ਼ਤੀ ਪਲਟੀ, ਪੰਜ ਮੌਤਾਂ
ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਹੜ੍ਹ ਪੀੜਤਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਨਿਚਰਵਾਰ ਸ਼ਾਮ ਸਮੇਂ ਲਾਹੌਰ ਤੋਂ ਲਗਪਗ 350 ਕਿਲੋਮੀਟਰ ਦੂਰ ਮੁਲਤਾਨ ਜ਼ਿਲ੍ਹੇ ਦੇ ਜਲਾਲਪੁਰ ਪੀਰਵਾਲਾ ਵਿੱਚ ਵਾਪਰਿਆ।
ਅਧਿਕਾਰੀ ਨੇ ਦੱਸਿਆ ਕਿ ਹੜ੍ਹਾਂ ਨਾਲ ਪਾਕਿਸਤਾਨ ਵਿੱਚ ਭਾਰੀ ਤਬਾਹੀ ਹੋਈ ਹੈ ਅਤੇ ਜੂਨ ਦੇ ਅਖ਼ੀਰ ਤੋਂ ਹੁਣ ਤੱਕ ਦੇਸ਼ ਭਰ ਵਿੱਚ ਮੀਂਹ ਤੇ ਹੜ੍ਹਾਂ ਨਾਲ ਸਬੰਧਤ ਘਟਨਾਵਾਂ ਵਿੱਚ 900 ਤੋਂ ਜ਼ਿਆਦਾ ਲੋਕ ਜਾਨਾਂ ਗੁਆ ਚੁੱਕੇ ਹਨ। ਪੰਜਾਬ ਦੀ ਪ੍ਰਾਂਤ ਪੱਧਰੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਪੀਡੀਐੱਮਏ) ਦੇ ਡਾਇਰੈਕਟਰ ਜਨਰਲ ਇਰਫ਼ਾਨ ਅਲੀ ਕਾਠੀਆ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਜਦੋਂ ਬਚਾਅ ਕਾਰਜਾਂ ’ਚ ਜੁਟੀ ਕਿਸ਼ਤੀ ਪਲਟੀ ਤਾਂ ਉਸ ਵਿੱਚ ਲਗਪਗ 30 ਹੜ੍ਹ ਪੀੜਤ ਵਿਅਕਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਕਿਸ਼ਤੀ ਪਲਟਣ ਕਾਰਨ ਇਕ ਮਹਿਲਾ ਤੇ ਚਾਰ ਬੱਚੇ ਡੁੱਬ ਗਏ ਜਦਕਿ ਬਾਕੀ ਵਿਅਕਤੀਆਂ ਨੂੰ ਬਚਾਅ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਨੇ ਜੀਵਨ ਰੱਖਿਅਕ ਜੈਕੇਟਾਂ ਨਹੀਂ ਪਹਿਨੀਆਂ ਹੋਈਆਂ ਸਨ। ਅਧਿਕਾਰੀ ਨੇ ਦੱਸਿਆ, ‘‘ਪੰਜਾਬ ਵਿੱਚ 23 ਅਗਸਤ ਨੂੰ ਹੜ੍ਹਾਂ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਅਸੀਂ ਕਿਸ਼ਤੀਆਂ ਰਾਹੀਂ 25,000 ਤੋਂ ਜ਼ਿਆਦਾ ਸਫ਼ਲ ਮੁਹਿੰਮਾਂ ਚਲਾਈਆਂ ਹਨ ਅਤੇ ਕਿਸ਼ਤੀ ਪਲਟਣ ਦੀ ਇਹ ਪਹਿਲੀ ਮੰਦਭਾਗੀ ਘਟਨਾ ਹੈ।’’