ਮਹਿਲਾ ਤੇ ਦੋ ਬੱਚਿਆਂ ਨੂੰ ਜ਼ਖ਼ਮੀ ਕਰਨ ਵਾਲੇ ਸ਼ੇਰ ਦੇ ਮਾਲਕ ਗ੍ਰਿਫ਼ਤਾਰ
ਲਾਹੌਰ: ਪੂਰਬੀ ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ ਉਸ ਪਾਲਤੂ ਸ਼ੇਰ ਦੇ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਫਾਰਮ ਹਾਊਸ ਤੋਂ ਭੱਜਣ ਮਗਰੋਂ ਮਹਿਲਾ ਤੇ ਉਸ ਦੇ ਦੋ ਬੱਚਿਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਸ਼ੇਰ ਵੀਡੀਓ ਫੁਟੇਜ ’ਚ ਰਿਹਾਇਸ਼ੀ ਇਲਾਕੇ ’ਚ ਹਮਲਾ ਕਰਨ ਤੋਂ ਪਹਿਲਾਂ ਕੰਧ ਟੱਪਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸ਼ੇਰ ਦੇ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਧਿਕਾਰੀ ਫੈ਼ਸਲ ਕਾਮਰਾਨ ਨੇ ਦੱਸਿਆ ਕਿ ਸ਼ੇਰ ਨੇ ਬੁੱਧਵਾਰ ਰਾਤ ਨੂੰ ਆਪਣੇ ਪਿੰਜਰੇ ’ਚੋਂ ਭੱਜਣ ਮਗਰੋਂ ਮਹਿਲਾ ਤੇ ਉਸ ਦੇ ਪੰਜ ਤੇ ਸੱਤ ਸਾਲ ਦੇ ਬੱਚਿਆਂ ’ਤੇ ਹਮਲਾ ਕੀਤਾ। ਪੁਲੀਸ ਰਿਪੋਰਟ ਅਨੁਸਾਰ ਬੱਚਿਆਂ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਸ਼ੇਰ ਨੇ ਜਦੋਂ ਹਮਲਾ ਕੀਤਾ ਤਾਂ ਉਸ ਦੇ ਮਾਲਕ ਉੱਥੇ ਖੜ੍ਹੇ ਹੋ ਕੇ ਦੇਖਦੇ ਰਹੇ ਤੇ ਉਨ੍ਹਾਂ ਸ਼ੇਰ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪੁਲੀਸ ਨੇ ਦੱਸਿਆ ਕਿ ਸ਼ੇਰ ਬਾਅਦ ਵਿੱਚ ਆਪਣੇ ਮਾਲਕਾਂ ਦੇ ਫਾਰਮ ਹਾਊਸ ’ਚ ਵਾਪਸ ਆ ਗਿਆ ਤੇ ਉੱਥੋਂ ਉਸ ਨੂੰ ਜੰਗਲੀ ਜੀਵ ਪਾਰਕ ਲਿਜਾਇਆ ਗਿਆ। -ਪੀਟੀਆਈ