ਪਰਮਾਣੂ ਮਿਜ਼ਾਈਲ ਦੀ ਅਜ਼ਮਾਇਸ਼ ਸਫਲ: ਪੂਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੇਹਿਸਾਬ ਖੇਤਰ ਤੱਕ ਮਾਰ ਕਰਨ ਵਾਲੀ ਵਿਲੱਖਣ ਪਰਮਾਣੂ ਊਰਜਾ ਨਾਲ ਚੱਲਣ ਵਾਲੀ ‘ਬੁਰੇਵੇਸਤਨਿਕ’ ਕਰੂਜ਼ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਦਾ ਅੱਜ ਐਲਾਨ ਕੀਤਾ ਅਤੇ ਹਥਿਆਰਬੰਦ ਬਲਾਂ ਨੂੰ ਇਸ ਮਿਜ਼ਾਈਲ ਦੀ ਤਾਇਨਾਤੀ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਹੁਕਮ ਦਿੱਤਾ ਹੈ।
ਪੂਤਿਨ ਨੇ ‘ਚੀਫ ਆਫ ਡਿਫੈਂਸ ਸਟਾਫ’ ਅਤੇ ਹੋਰ ਫੌਜੀ ਕਮਾਂਡਰਾਂ ਨਾਲ ਮੀਟਿੰਗ ਦੌਰਾਨ ਜ਼ਿਕਰ ਕੀਤਾ ਕਿ ਹਾਲ ਹੀ ਵਿੱਚ ਪਰਮਾਣੂ ਤਾਕਤਾਂ ਦੇ ਅਭਿਆਸ ਦੌਰਾਨ ‘ਬੁਰੇਵੇਸਤਨਿਕ’ ਕਰੂਜ਼ ਮਿਜ਼ਾਈਲ 15 ਘੰਟੇ ਤੱਕ ਹਵਾ ਵਿੱਚ ਰਹੀ ਅਤੇ ਉਸ ਨੇ ਸਫਲ ਅਜ਼ਮਾਇਸ਼ਾਂ ਦੌਰਾਨ 14 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਮੀਟਿੰਗ ਦਾ ਟੈਲੀਵਿਜ਼ਨ ’ਤੇ ਪ੍ਰਸਾਰਨ ਕੀਤਾ ਗਿਆ। ਰੂਸ ਦੇ ਹਥਿਆਰਬੰਦ ਬਲਾਂ ਦੇ ਸਰਵਉੱਚ ਕਮਾਂਡਰ ਵਜੋਂ ਪੂਤਿਨ ਨੇ ਇਸ ਤੋਂ ਪਹਿਲਾਂ ਸਵੇਰੇ ਯੂਕਰੇਨ ’ਚ ਫੌਜੀ ਮੁਹਿੰਮਾਂ ਦੇ ਸਾਂਝੇ ਸਟਾਫ ਦਾ ਦੌਰਾ ਕੀਤਾ ਅਤੇ ਚੀਫ ਜਨਰਲ ਸਟਾਫ ਜਨਰਲ ਵਾਲੇਰੀ ਗੇਰਾਸਿਮੋਵ ਦੀ ਅਗਵਾਈ ਹੇਠਲੇ ਫੌਜੀ ਕਮਾਂਡਰਾਂ ਨਾਲ ਗੱਲਬਾਤ ਕੀਤੀ। ਗੇਰਾਸਿਮੋਵ ਨੇ ਪੂਤਿਨ ਨੂੰ ਦੋ ਅਹਿਮ ਦਿਸ਼ਾਵਾਂ ’ਚ 10 ਹਜ਼ਾਰ ਤੋਂ ਵੱਧ ਯੂਕਰੇਨੀ ਸੈਨਿਕਾਂ ਦੀ ਘੇਰਾਬੰਦੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਵੇਰਾਸਿਮੋਵ ਨੇ ਕਿਹਾ, ‘‘31 ਬਟਾਲੀਅਨਾਂ ਵਾਲੇ ਯੂਕਰੇਨੀ ਹਥਿਆਰਬੰਦ ਬਲਾਂ ਦੇ ਵੱਡੇ ਸਮੂਹ ਨੂੰ ਰੋਕ ਦਿੱਤਾ ਗਿਆ ਹੈ।’’
