ਉੱਤਰੀ ਕੋਰੀਆ ਦੀ ਸੱਤਾਧਾਰੀ ਪਾਰਟੀ ਅੱਜ ਮਨਾਏਗੀ 80ਵੀਂ ਵਰ੍ਹੇਗੰਢ
ਉੱਤਰੀ ਕੋਰੀਆ ਸ਼ੁੱਕਰਵਾਰ ਨੂੰ ਸੱਤਾਧਾਰੀ ਪਾਰਟੀ ਦੀ 80ਵੀਂ ਵਰ੍ਹੇਗੰਢ ਮਨਾਏਗਾ ਅਤੇ ਵੱਖ-ਵੱਖ ਵਿਦੇਸ਼ੀ ਪਤਵੰਤੇ ਤੇ ਆਗੂ ਇਸ ਸਮਾਰੋਹ ਸ਼ਾਮਲ ਹੋਣਗੇ।
ਵਰਕਰਜ਼ ਪਾਰਟੀ ਦੇ ਜਸ਼ਨ ਇੱਕ ਵਾਰ ਫਿਰ ਤੋਂ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਉੱਤਰੀ ਕੋਰੀਆ ਕਿਵੇਂ ਆਪਣੇ ਕੁਝ ਮੁੱਖ ਆਲਮੀ ਸਹਿਯੋਗੀਆਂ ਜਿਵੇਂ ਕਿ ਚੀਨ ਅਤੇ ਰੂਸ ਜਿਹੜੇ ਕਿ ਉੱਚ-ਪੱਧਰ ਦੇ ਪ੍ਰਤੀਨਿੱਧਾਂ ਨੂੰ ਸਮਾਗਮਾਂ ’ਚ ਭੇਜ ਰਹੇ ਹਨ, ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਚੀਨ ਨੂੰ ਆਪਣਾ ਸਭ ਤੋਂ ਮਹੱਤਵਪੂਰਨ ਸਹਿਯੋਗੀ ਮੰਨਿਆ ਹੈ ਅਤੇ ਹਾਲ ਦੇ ਸਾਲਾਂ ਵਿੱਚ ਉਨ੍ਹਾਂ ਨੇ ਰੂਸ ਨਾਲ ਵੀ ਸਬੰਧ ਬਣਾਏ ਹਨ। ਉੱਤਰੀ ਕੋਰੀਆ ਨੇ ਯੂਕਰੇਨ ਵਿਰੁੱਧ ਜੰਗ ਵਿੱਚ ਰੂਸ ਦੀ ਮਦਦ ਕਰਨ ਲਈ ਆਪਣੀਆਂ ਫੌਜਾਂ ਵੀ ਭੇਜੀਆਂ ਹਨ।
ਸੱਤਾਧਾਰੀ ਪਾਰਟੀ ਦੇ ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅੱਜ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਪੁੱਜੇ। ਇਹ ਜਾਣਕਾਰੀ ਸ਼ਿਨਹੂਆ ਨਿਊਜ਼ ਏਜੰਸੀ ਨੇ ਆਪਣੀ ਖ਼ਬਰ ਰਾਹੀਂ ਦਿੱਤੀ। ਲੀ ਦੀ ਇੱਥੇ ਮੌਜੂਦਗੀ 2019 ਤੋਂ ਬਾਅਦ ਕਿਸੇ ਚੀਨੀ ਨੇਤਾ ਦਾ ਇਹ ਸਭ ਤੋਂ ਉੱਚ-ਪੱਧਰੀ ਦੌਰਾ ਹੈ। ਉੱਧਰ, ਉੱਤਰੀ ਕੋਰੀਆ ਦੀ ਅਧਿਕਾਰਤ ਖ਼ਬਰ ਏਜੰਸੀ ਕੇ ਸੀ ਐੱਨ ਏ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਲਈ ਰੂਸ ਨੇ ਦਮਿੱਤਰੀ ਮੈਦਵੇਦੇਵ ਨੂੰ ਭੇਜਿਆ ਹੈ ਜੋ ਕਿ ਰੂਸ ਦੇ ਸਾਬਕਾ ਰਾਸ਼ਟਰਪਤੀ ਹਨ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਕੌਂਸਲ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ। ਇਸੇ ਤਰ੍ਹਾਂ ਹੋਰ ਦੇਸ਼ਾਂ ਦੇ ਆਗੂ ਵੀ ਪੁੱਜਣੇ ਸ਼ੁਰੂ ਹੋ ਗਏ ਹਨ।