ਤਾਲਾਬੰਦੀ ਖੋਲ੍ਹਣ ਬਾਰੇ ਟਰੰਪ ਅਤੇ ਡੈਮੋਕਰੈਟਾਂ ਵਿਚਾਲੇ ਨਾ ਬਣੀ ਸਹਿਮਤੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਲਾਬੰਦੀ (ਸ਼ੱਟਡਾਊਨ) ਜਾਰੀ ਰਹਿਣ ਦੇ ਮੱਦੇਨਜ਼ਰ ਡੈਮੋਕਰੈਟ ਆਗੂਆਂ ਨਾਲ ਸਿਹਤ ਬੀਮਾ ਸਬਸਿਡੀ ਬਾਰੇ ਗੱਲਬਾਤ ਦੀ ਸੰਭਾਵਨਾ ਜਤਾਈ ਹੈ। ਉਂਝ ਕੁਝ ਦੇਰ ਬਾਅਦ ਹੀ ਉਨ੍ਹਾਂ ਇਸ ਨੂੰ ਰੱਦ ਕਰ ਦਿੱਤਾ ਜਿਸ ਕਾਰਨ ਮੁੜ ਤੋਂ ਆਰਥਿਕ ਸਰਗਰਮੀਆਂ ਸ਼ੁਰੂ ਹੋਣ ਦੀ ਸੰਭਾਵਨਾ ਮੱਠੀ ਪੈ ਗਈ ਹੈ। ਡੈਮੋਕਰੈਟ ਆਗੂ ਥੋੜ੍ਹੇ ਸਮੇਂ ਦੀ ਫੰਡਿੰਗ ਯੋਜਨਾ ਦੀ ਹਮਾਇਤ ਇਸ ਸ਼ਰਤ ’ਤੇ ਕਰ ਰਹੇ ਹਨ ਕਿ ਓਬਾਮਾਕੇਅਰ ਤਹਿਤ ਦਿੱਤੀ ਜਾਣ ਵਾਲੀ ਸਿਹਤ ਸਬਸਿਡੀ ਜਾਰੀ ਰੱਖੀ ਜਾਵੇ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਡੀ ਡੈਮੋਕਰੈਟਾਂ ਨਾਲ ਗੱਲਬਾਤ ਚੱਲ ਰਹੀ ਹੈ ਜੋ ਸਿਹਤ ਖੇਤਰ ’ਚ ਚੰਗੇ ਨਤੀਜੇ ਲਿਆ ਸਕਦੀ ਹੈ।’’ ਸਰਕਾਰ ਦਾ ਕੰਮਕਾਰ ਠੱਪ ਹੋਣ ਦੇ ਛੇਵੇਂ ਦਿਨ ਇਹ ਟਿੱਪਣੀ ਉਮੀਦ ਦੀ ਕਿਰਨ ਵਜੋਂ ਸਾਹਮਣੇ ਆਈ ਸੀ ਪਰ ਬਾਅਦ ’ਚ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਪਹਿਲਾਂ ਡੈਮੋਕਰੈਟਾਂ ਨੂੰ ਸਰਕਾਰ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਦੇਣਾ ਹੋਵੇਗਾ, ਇਸ ਮਗਰੋਂ ਹੀ ਸਿਹਤ ਨੀਤੀ ’ਤੇ ਚਰਚਾ ਹੋ ਸਕਦੀ ਹੈ। ਉਨ੍ਹਾਂ ਕਿਹਾ, ‘‘ਮੈਂ ਡੈਮੋਕਰੈਟਾਂ ਦੇ ਨਾਕਾਮ ਸਿਹਤ ਪ੍ਰੋਗਰਾਮਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਪਹਿਲਾਂ ਉਹ ਸਰਕਾਰ ਦੇ ਕੰਮਕਾਜ ਨੂੰ ਚਾਲੂ ਕਰਨ।’’ ਉਧਰ ਡੈਮੋਕਰੈਟਿਕ ਆਗੂ ਚਕ ਸ਼ੂਮਰ ਅਤੇ ਹਕੀਮ ਜੈਫਰੀਜ਼ ਨੇ ਕਿਹਾ ਕਿ ਟਰੰਪ ਦੇ ਦਾਅਵੇ ਗਲਤ ਹਨ ਅਤੇ ਪਿਛਲੇ ਹਫ਼ਤੇ ਵ੍ਹਾਈਟ ਹਾਊਸ ’ਚ ਹੋਈ ਮੀਟਿੰਗ ਮਗਰੋਂ ਕੋਈ ਗੱਲਬਾਤ ਨਹੀਂ ਹੋਈ ਹੈ। ਉਂਝ ਸ਼ੂਮਰ ਨੇ ਕਿਹਾ ਕਿ ਜੇ ਟਰੰਪ ਗੱਲਬਾਤ ਲਈ ਰਾਜ਼ੀ ਹਨ ਤਾਂ ਉਹ ਵੀ ਹੱਥ ਅੱਗੇ ਵਧਾਉਣਗੇ। ਸੈਨੇਟ ’ਚ ਸੋਮਵਾਰ ਨੂੰ ਸਰਕਾਰ ਦਾ ਕੰਮਕਾਜ ਬਹਾਲ ਕਰਨ ਲਈ ਦੋ ਮਤੇ ਰੱਖੇ ਗਏ ਪਰ ਦੋਵੇਂ ਹੀ ਨਾਕਾਮ ਹੋ ਗਏ ਕਿਉਂਕਿ ਉਨ੍ਹਾਂ ਨੂੰ 60 ਵੋਟਾਂ ਨਹੀਂ ਮਿਲੀਆਂ। ਦੋਵੇਂ ਪਾਰਟੀਆਂ ਨੇ ਇਕ-ਦੂਜੇ ’ਤੇ ਅੜਿੱਕਾ ਖ਼ਤਮ ਨਾ ਕਰਨ ਦੇ ਦੋਸ਼ ਲਗਾਏ ਹਨ।