ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Nijjer Murder Case ਕੈਨੇਡਾ: ਨਿੱਝਰ ਕਤਲ ਕੇਸ ’ਚ ਕਿਸੇ ਮੁਲਜ਼ਮ ਨੂੰ ਨਹੀਂ ਮਿਲੀ ਜ਼ਮਾਨਤ

ਪੁਲੀਸ ਜਾਂਚ ਟੀਮ ਤੇ ਅਟਾਰਨੀ ਜਨਰਲ ਦਫਤਰ ਨੇ ਜ਼ਮਾਨਤ ਸਬੰਧੀ ਰਿਪੋਰਟਾਂ ਨੂੰ ਝੂਠ ਦੱਸਿਆ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 10 ਜਨਵਰੀ

Advertisement

ਸਰੀ ਗੁਰਦੁਆਰਾ ਦੇ ਤਤਕਾਲੀ ਪ੍ਰਧਾਨ ਹਰਦੀਪ ਸਿੰਘ ਨਿੱਝਰ, ਜਿਸ ਨੂੰ ਭਾਰਤ ਨੇ ਅਤਿਵਾਦੀ ਐਲਾਨਿਆ ਹੋਇਆ ਹੈ, ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮ ਕਰਨ ਬਰਾੜ, ਅਮਨਦੀਪ ਸਿੰਘ, ਕਰਨਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ’ਤੇ ਰਿਹਾਅ ਕੀਤੇ ਜਾਣ ਸਬੰਧੀ ਭਾਰਤੀ ਮੀਡੀਆ ਏਜੰਸੀ ਦੀ ਖ਼ਬਰ ਨੂੰ ਕੈਨੇਡਾ ਦੀ ਪੁਲੀਸ ਜਾਂਚ ਟੀਮ ਅਤੇ ਬ੍ਰਿਟਿਸ਼ ਕੋਲੰਬੀਆ ਅਟਾਰਨੀ ਜਨਰਲ ਦਫ਼ਤਰ ਨੇ ਝੂਠਾ ਕਰਾਰ ਦਿੱਤਾ ਹੈ।

ਮਾਮਲੇ ਦੀ ਜਾਂਚ ਟੀਮ ਦੀ ਤਰਜਮਾਨ ਫਰੈਡਾ ਅਤੇ ਬ੍ਰਿਟਿਸ਼ ਕੋਲੰਬੀਆ ਅਟਾਰਨੀ ਜਨਰਲ ਦੇ ਇਸਤਗਾਸਾ ਦਫਤਰ ਦੇ ਬੁਲਾਰੇ ਐਨ ਸੀਮੌਰ ਨੇ ਇਸ ਖ਼ਬਰ ’ਤੇ ਹੈਰਾਨੀ ਜ਼ਾਹਿਰ ਕਰਦਿਆਂ ਦੱਸਿਆ ਕਿ ਚਾਰੇ ਮੁਲਜ਼ਮ ਪੁਲੀਸ ਦੀ ਨਿਆਂਇਕ ਹਿਰਾਸਤ ਅਧੀਨ ਅੱਜ ਵੀ ਜੇਲ੍ਹ ’ਚ ਬੰਦ ਹਨ ਤੇ ਕੈਨੇਡਾ ਦੀ ਕਿਸੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ। ਸੀਮੌਰ ਨੇ ਦੱਸਿਆ ਕਿ ਹੱਤਿਆ ਦਾ ਇਹ ਮਾਮਲਾ ਨੰਬਰ 86086-1 ਅਗਲੀ ਸੁਣਵਾਈ ਲਈ ਨਿਊ ਵੈਸਟਮਿਨਸਟਰ ਸਥਿਤ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਕੋਲ ਹੈ, ਜਿੱਥੇ ਅਗਲੇ ਮਹੀਨੇ (11 ਫਰਵਰੀ) ਪਹਿਲੀ ਸੁਣਵਾਈ ਹੋਵੇਗੀ।

ਖ਼ਬਰ ਏਜੰਸੀ ਨੇ ਅਦਾਲਤੀ ਟਿੱਪਣੀ ਦਾ ਹਵਾਲਾ ਦਿੱਤਾ ਕਿ ਇਸਤਗਾਸਾ ਵੱਲੋਂ ਮਸ਼ਕੂਕਾਂ ਵਿਰੁੱਧ ਠੋਸ ਸਬੂਤ ਪੇਸ਼ ਨਾ ਕਰ ਸਕਣ ਕਰਕੇ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਤੇ ਇਸ ਖ਼ਬਰ ਨੂੰ ਲੋਕਾਂ ਵਿੱਚ ਕੈਨੇਡਿਆਈ ਕਾਨੂੰਨ ਬਾਰੇ ਭਰਮ ਭੁਲੇਖੇ ਪੈਦਾ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਪੁਲੀਸ ਨੇ ਖੁਫੀਆ ਰਿਪੋਰਟਾਂ ’ਤੇ ਕਾਰਵਾਈ ਕਰਦਿਆਂ ਮਸ਼ਕੂਕਾਂ ਨੂੰ ਸਰੀ ਦੀ ਜੇਲ੍ਹ ਤੋਂ ਬਦਲ ਕੇ ਕਿਸੇ ਉੱਚ ਸੁਰੱਖਿਆ ਜੇਲ੍ਹ ਭੇਜਿਆ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਦੇ ਕਥਿਤ ਤੌਰ ’ਤੇ ਜੇਲ੍ਹ ’ਚੋਂ ਫਰਾਰ ਹੋਣ ਦੀਆਂ ਵਿਉਂਤਾਂ ਘੜ ਰਹੇ ਹੋਣ ਦਾ ਪਤਾ ਲੱਗਣ ’ਤੇ ਇਨ੍ਹਾਂ ਨੂੰ ਹੋਰ ਥਾਂ ਭੇਜਿਆ ਗਿਆ ਹੈ।

ਗੌਰਤਲਬ ਹੈ ਕਿ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਉਨ੍ਹਾਂ ’ਚੋਂ ਤਿੰਨ ਨੂੰ ਐਡਮਿੰਟਨ ਅਤੇ ਇੱਕ ਨੂੰ ਬਰੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਣਾਅ ਹੈ।

Advertisement