ਇਜ਼ਰਾਇਲੀ ਹਮਲੇ ਦੇ ਵਿਰੋਧ ’ਚ ਮੁਸਲਿਮ ਮੁਲਕਾਂ ਦੀ ਮੀਟਿੰਗ
ਇਜ਼ਰਾਈਲ ਵੱਲੋਂ ਹਮਾਸ ਦੇ ਆਗੂਆਂ ’ਤੇ ਪਿਛਲੇ ਹਫ਼ਤੇ ਦੋਹਾ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਕਤਰ ਨੇ ਅੱਜ ਇਸ ਮੁੱਦੇ ’ਤੇ ਸੰਮੇਲਨ ਦੀ ਮੇਜ਼ਬਾਨੀ ਕੀਤੀ। ਕਤਰ ਨੂੰ ਆਸ ਹੈ ਕਿ ਅਰਬ ਅਤੇ ਇਸਲਾਮੀ ਦੇਸ਼ਾਂ ਦਾ ਇਹ ਸਮੂਹ ਗਾਜ਼ਾ ਪੱਟੀ ਵਿੱਚ ਹਮਾਸ ’ਤੇ ਜਾਰੀ ਹਮਲਿਆਂ ਦੌਰਾਨ ਇਜ਼ਰਾਈਲ ਨੂੰ ਰੋਕਣ ਦਾ ਕੋਈ ਤਰੀਕਾ ਲੱਭ ਲਵੇਗਾ। ਕਤਰ ਇਸ ਜੰਗ ਵਿੱਚ ਜੰਗਬੰਦੀ ਲਈ ਮੁੱਖ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ ਅਤੇ ਇਸ ਹਮਲੇ ਤੋਂ ਬਾਅਦ ਵੀ ਦੋਹਾ ਨੇ ਇਹ ਕੰਮ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਹੈ।
ਉਧਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਜ਼ਰਾਈਲ ਵੱਲੋਂ ਹਮਾਸ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਤਰ ’ਚ 9 ਸਤੰਬਰ ਨੂੰ ਕੀਤੇ ਹਮਲੇ ਬਾਰੇ ਮੰਗਲਵਾਰ ਨੂੰ ਜਨੇਵਾ ਵਿੱਚ ਫੌਰੀ ਵਿਚਾਰ-ਚਰਚਾ ਕਰਨ ਦਾ ਫੈਸਲਾ ਲਿਆ ਹੈ। 7 ਅਕਤੂਬਰ 2023 ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਹਮਾਸ ਅਤੇ ਇਰਾਨ ਦੇ ਕਥਿਤ ‘ਐਕਸਿਸ ਆਫ ਰਜ਼ਿਸਟੈਂਸ’ ਵਿੱਚ ਸ਼ਾਮਲ ਹੋਰ ਜਥੇਬੰਦੀਆਂ ’ਤੇ ਜਵਾਬੀ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਇਰਾਨ, ਲਿਬਨਾਨ, ਫਲਸਤੀਨੀ ਖੇਤਰਾਂ, ਸੀਰੀਆ, ਕਤਰ ਅਤੇ ਯਮਨ ਸ਼ਾਮਲ ਹਨ। ਇਸ ਨਾਲ ਮੱਧ ਪੂਰਬੀ ਦੇਸ਼ਾਂ ਵਿੱਚ ਗੁੱਸਾ ਹੋਰ ਵਧ ਗਿਆ ਹੈ, ਜੋ ਪਹਿਲਾਂ ਹੀ ਗਾਜ਼ਾ ਵਿੱਚ 64,000 ਤੋਂ ਵੱਧ ਫਲਸਤੀਨੀਆਂ ਦੇ ਮਾਰੇ ਜਾਣ ਤੋਂ ਨਾਰਾਜ਼ ਹਨ। ਇਸ ਤੋਂ ਇਲਾਵਾ, ਇੱਕ ਵੱਡੀ ਚਿੰਤਾ ਇਹ ਵੀ ਹੈ ਕਿ ਖਾੜੀ ਅਰਬ ਦੇਸ਼ਾਂ ਲਈ ਅਮਰੀਕਾ ਦੀ ਸੁਰੱਖਿਆ ਛੱਤਰੀ ਉਨ੍ਹਾਂ ਦੀ ਰੱਖਿਆ ਲਈ ਕਾਫ਼ੀ ਨਹੀਂ ਹੋ ਸਕਦੀ।
ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨੇ ਐਤਵਾਰ ਨੂੰ ਇੱਕ ਮੀਟਿੰਗ ਵਿੱਚ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਕੌਮਾਂਤਰੀ ਭਾਈਚਾਰਾ ਦੋਹਰੇ ਮਾਪਦੰਡਾਂ ਨੂੰ ਛੱਡ ਦੇਵੇ। ਇਜ਼ਰਾਈਲ ਨੂੰ ਉਸ ਦੇ ਸਾਰੇ ਅਪਰਾਧਾਂ ਲਈ ਸਜ਼ਾ ਦੇਣੀ ਚਾਹੀਦੀ ਹੈ।’’ ਹਾਲਾਂਕਿ, ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਇਸ ਸੰਮੇਲਨ ਨਾਲ ਕੀ ਹਾਸਲ ਹੋ ਸਕੇਗਾ, ਕਿਉਂਕਿ ਕੁਝ ਦੇਸ਼ਾਂ ਦੇ ਪਹਿਲਾਂ ਹੀ ਇਜ਼ਰਾਈਲ ਨਾਲ ਕੂਟਨੀਤਕ ਮਾਨਤਾ ਸਮਝੌਤੇ ਹਨ ਅਤੇ ਉਹ ਸਬੰਧ ਤੋੜਨ ਤੋਂ ਝਿਜਕ ਸਕਦੇ ਹਨ। ਇਰਾਨ, ਜਿਸ ਨੇ ਕਿ ਲੰਘੇ ਜੂਨ ਮਹੀਨੇ ਵਿੱਚ ਕਤਰ ’ਚ ਸਥਿਤ ਅਲ ਉਦੀਦ ਏਅਰਬੇਸ ’ਤੇ ਹਮਲਾ ਕੀਤਾ ਸੀ, ਵੀ ਇਸ ਸੰਮੇਲਨ ਵਿੱਚ ਸ਼ਾਮਲ ਹੋ ਰਿਹਾ ਹੈ। ਇਰਾਨ ਨੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭੇਜਿਆ ਹੈ।
ਨਿਊਯਾਰਕ ਸਥਿਤ ਸੂਫਾਨ ਸੈਂਟਰ ਨੇ ਕਿਹਾ, ‘‘ਖਾੜੀ ਦੇਸ਼ਾਂ ਅਤੇ ਖਿੱਤੇ ਦੇ ਹੋਰ ਦੇਸ਼ਾਂ ਵਿਚਾਲੇ ਡੂੰਘੇ ਤਣਾਅ ਨੂੰ ਦੇਖਦੇ ਹੋਏ, ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਸ ਪੱਧਰ ਦਾ ਸੰਮੇਲਨ ਸੱਦਣਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਖੇਤਰ ਵਿੱਚ ਸਾਂਝੇ ਤੌਰ ’ਤੇ ਇੱਕ ਜ਼ਰੂਰੀ ਭਾਵਨਾ ਨੂੰ ਦਰਸਾਉਂਦਾ ਹੈ।’’
ਇਜ਼ਰਾਈਲ ਵੱਲੋਂ ਗਾਜ਼ਾ ਦੇ ਟਾਵਰਾਂ ’ਤੇ ਹਮਲੇ, 11 ਅਤਿਵਾਦੀ ਹਲਾਕ
ਤਲ ਅਵੀਵ: ਇਜ਼ਰਾਇਲੀ ਰੱਖਿਆ ਬਲਾਂ ਨੇ ਅੱਜ ਗਾਜ਼ਾ ਪੱਟੀ ਦੇ ਉੱਤਰੀ ਖੇਤਰ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਗਾਜ਼ਾ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ’ਤੇ ਵੱਡੇ ਹਮਲੇ ਕੀਤੇ ਅਤੇ ਬੀਟ ਹਨੌਨ ਵਿੱਚ ਅਤਿਵਾਦੀਆਂ ਦੇ ਸਮੂਹ ਨੂੰ ਖ਼ਤਮ ਕੀਤਾ। ਆਈ ਡੀ ਐੱਫ ਅਨੁਸਾਰ ਹਮਾਸ ਨੇ ਇਜ਼ਰਾਇਲੀ ਫੌਜ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਗਾਜ਼ਾ ਦੇ ਦੋ ਟਾਵਰਾਂ ਵਿੱਚ ਨਿਗਰਾਨੀ ਉਪਕਰਨ ਲਗਾਏ ਹੋਏ ਸਨ, ਜਦੋਂ ਕਿ ਤੀਜੀ ਇਮਾਰਤ ਵਿੱਚ ਨਿਗਰਾਨੀ ਚੌਕੀਆਂ ਸਨ। ਆਈ ਡੀ ਐੱਫ ਨੇ ਕਿਹਾ, ‘‘ਗਾਜ਼ਾ ਪੱਟੀ ਵਿੱਚ ਅਤਿਵਾਦੀ ਜਥੇਬੰਦੀਆਂ ਯੋਜਨਾਬੱਧ ਢੰਗ ਨਾਲ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਅਤੇ ਅਤਿਵਾਦੀ ਗਤੀਵਿਧੀਆਂ ਲਈ ਨਾਗਰਿਕ ਬੁਨਿਆਦੀ ਢਾਂਚੇ ਤੇ ਗਾਜ਼ਾ ਦੀ ਆਬਾਦੀ ਨੂੰ ਮਨੁੱਖੀ ਢਾਲ ਵਜੋਂ ਬੇਰਹਿਮੀ ਨਾਲ ਵਰਤਦੀਆਂ ਹਨ।’’ -ਏਐੱਨਆਈ
ਰੂਬੀਓ ਤੇ ਨੇਤਨਯਾਹੂ ਵਿਚਾਲੇ ਲੰਬੀ ਗੱਲਬਾਤ
ਤਲ ਅਵੀਵ: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਲੰਬੀ ਗੱਲਬਾਤ ਕੀਤੀ, ਜਦੋਂ ਕਿ ਖੇਤਰੀ ਆਗੂ ਦੋਹਾ ਵਿੱਚ ਕਤਰ ਉੱਤੇ ਪਿਛਲੇ ਹਫ਼ਤੇ ਹੋਏ ਇਜ਼ਰਾਇਲੀ ਹਮਲੇ ਦੀ ਨਿੰਦਾ ਕਰਨ ਲਈ ਇਕੱਠੇ ਹੋਏ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਨੇਤਨਯਾਹੂ ਨੇ ਮੁੜ ਪੁਸ਼ਟੀ ਕੀਤੀ ਕਿ ਇਜ਼ਰਾਈਲ ਇਸ ਹਮਲੇ ਅਤੇ ਗਾਜ਼ਾ ਵਿੱਚ ਚੱਲ ਰਹੀ ਜੰਗ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ। ਦੋਹਾਂ ਆਗੂਆਂ ਨੇ ਪੱਛਮੀ ਯੇਰੂਸ਼ਲਮ ਵਿੱਚ ਨੇਤਨਯਾਹੂ ਦੇ ਦਫ਼ਤਰ ਵਿੱਚ ਤਿੰਨ ਘੰਟੇ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕੀਤਾ। ਨੇਤਨਯਾਹੂ ਨੇ ਕਿਹਾ, “ਰੂਬੀਓ ਦਾ ਦੌਰਾ ਇੱਕ ਸਪੱਸ਼ਟ ਸੁਨੇਹਾ ਹੈ ਕਿ ਅਮਰੀਕਾ ਅਤਿਵਾਦ ਦੇ ਮੱਦੇਨਜ਼ਰ ਇਜ਼ਰਾਈਲ ਦੇ ਨਾਲ ਖੜ੍ਹਾ ਹੈ।’’ -ਏਪੀ