ਮੁਨੀਰ ਜਾਣਬੁੱਝ ਕੇ ਅਫ਼ਗਾਨਿਸਤਾਨ ਨਾਲ ਤਣਾਅ ਵਧਾ ਰਿਹੈ: ਇਮਰਾਨ
ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਨੀਤੀਆਂ ਨੂੰ ਦੇਸ਼ ਲਈ ‘ਤਬਾਹਕੁੰਨ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਉਹ (ਮੁਨੀਰ) ਅਫ਼ਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾ ਰਹੇ ਹਨ। ਸਾਬਕਾ ਕ੍ਰਿਕਟਰ ਇਮਰਾਨ (73) ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਇਹ ਟਿੱਪਣੀ ਕੀਤੀ। ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਭੈਣ ਡਾ. ਉਜ਼ਮਾ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਤੋਂ ਖਾਸ ਇਜਾਜ਼ਤ ਮਿਲਣ ਬਾਅਦ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਮਰਾਨ ਨੇ ਐਕਸ ’ਤੇ ਲਿਖਿਆ, “ਆਸਿਮ ਮੁਨੀਰ ਦੀਆਂ ਨੀਤੀਆਂ ਪਾਕਿਸਤਾਨ ਲਈ ਤਬਾਹਕੁੰਨ ਹਨ। ਉਨ੍ਹਾਂ ਦੀਆਂ ਨੀਤੀਆਂ ਕਾਰਨ ਅਤਿਵਾਦ ਕੰਟਰੋਲ ਤੋਂ ਬਾਹਰ ਹੋ ਗਿਆ ਹੈ, ਜਿਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ।” ਮੁਨੀਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਹ ਇਹ ਸਭ ਸਿਰਫ਼ ਪੱਛਮੀ ਤਾਕਤਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ। ਉਨ੍ਹਾਂ ਨੇ ਅਫ਼ਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾਇਆ, ਤਾਂ ਜੋ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਕਥਿਤ ‘ਮੁਜਾਹਿਦ’ (ਇਸਲਾਮੀ ਲੜਾਕੂ) ਵਜੋਂ ਦੇਖਿਆ ਜਾ ਸਕੇ।”
ਇਮਰਾਨ ਖ਼ਾਨ ਨੇ ਕਿਹਾ, “ਮੁਨੀਰ ਨੇ ਪਹਿਲਾਂ ਅਫ਼ਗਾਨਾਂ ਨੂੰ ਧਮਕਾਇਆ, ਫਿਰ ਪਾਕਿਸਤਾਨ ਤੋਂ ਸ਼ਰਨਾਰਥੀਆਂ ਨੂੰ ਬਾਹਰ ਕੱਢਿਆ ਅਤੇ ਡਰੋਨ ਹਮਲੇ ਕੀਤੇ, ਜਿਸ ਦੇ ਨਤੀਜੇ ਹੁਣ ਅਸੀਂ ਵਧਦੇ ਅਤਿਵਾਦ ਦੇ ਰੂਪ ਵਿੱਚ ਭੁਗਤ ਰਹੇ ਹਾਂ।”
