ਪਰਬਤਾਰੋਹੀ ਕਾਂਚਾ ਸ਼ੇਰਪਾ ਦਾ ਦੇਹਾਂਤ
ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਪਹਿਲੀ ਵਾਰ ਫਤਹਿ ਕਰਨ ਵਾਲੀ ਪਰਬਤਾਰੋਹੀ ਟੀਮ ਦੇ ਇਕਲੌਤੇ ਬਚੇ ਮੈਂਬਰ ਕਾਂਚਾ ਸ਼ੇਰਪਾ (Kanchha Sherpa) ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ (Nepal Mountaineering Association) ਦੇ ਪ੍ਰਧਾਨ ਫੁਰ ਗੇਲਜੇ ਸ਼ੇਰਪਾ (Phur Gelje Sherpa) ਨੇ ਕਿਹਾ ਕਿ ਕਾਂਚਾ ਸ਼ੇਰਪਾ ਨੇ 92 ਸਾਲ ਦੀ ਉਮਰ ਵਿੱਚ ਕਾਠਮੰਡੂ ਜ਼ਿਲ੍ਹੇ ਦੇ ਕਾਪਨ ਸਥਿਤ ਆਪਣੇ ਘਰ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਾਂਚਾ ਸ਼ੇਰਪਾ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਪਰਬਤਾਰੋਹੀਆਂ ਦੇ ਇਤਿਹਾਸ ਦਾ ਇੱਕ ਅਧਿਆਇ ਖ਼ਤਮ ਹੋ ਗਿਆ। ਪਰਬਤਾਰੋਹੀ ਸੰਗਠਨ ਦੇ ਪ੍ਰਧਾਨ ਅਨੁਸਾਰ, ਕਾਂਚਾ ਸ਼ੇਰਪਾ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ। ਕਾਂਚਾ ਸ਼ੇਰਪਾ ਉਸ ਟੀਮ ਦੇ 35 ਮੈਂਬਰਾਂ ਵਿੱਚ ਸ਼ਾਮਲ ਸਨ ਜਿਸਨੇ 29 ਮਈ 1953 ਨੂੰ ਨਿਊਜ਼ੀਲੈਂਡ ਦੇ ਐਡਮੰਡ ਹਿਲੇਰੀ ਅਤੇ ਉਨ੍ਹਾਂ ਦੇ ਸ਼ੇਰਪਾ ਗਾਈਡ ਤੇਨਜ਼ਿੰਗ ਨੋਰਗੇ ਨੂੰ 8,849 ਮੀਟਰ ਉੱਚੀ ਚੋਟੀ ’ਤੇ ਪਹੁੰਚਾਇਆ ਸੀ। ਉਹ ਹਿਲੇਰੀ ਅਤੇ ਤੇਨਜ਼ਿੰਗ ਨਾਲ ਚੋਟੀ 'ਤੇ ਪਹੁੰਚਣ ਤੋਂ ਪਹਿਲਾਂ ਅੰਤਿਮ ਕੈਂਪ ਵਿੱਚ ਪਹੁੰਚਣ ਵਾਲੇ ਤਿੰਨ ਸ਼ੇਰਪਾਵਾਂ ਵਿੱਚੋਂ ਇੱਕ ਸਨ।