ਮਾਂ-ਪੁੱਤ ਦੀ ਹੱਤਿਆ: ਭਾਰਤੀ ਦੇ ਸਿਰ ’ਤੇ 50 ਹਜ਼ਾਰ ਡਾਲਰ ਦਾ ਇਨਾਮ ਐਲਾਨਿਆ
ਅਮਰੀਕੀ ਫੈਡਰਲ ਜਾਂਚ ਏਜੰਸੀ (ਐੱਫ ਬੀ ਆਈ) ਨੇ 2017 ਵਿੱਚ ਭਾਰਤੀ ਮਹਿਲਾ ਅਤੇ ਉਸ ਦੇ ਛੇ ਸਾਲ ਦੇ ਪੁੱਤਰ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦੇ ਭਾਰਤੀ ਨਾਗਰਿਕ ਬਾਰੇ ਸੂਚਨਾ ਦੇਣ ਲਈ 50 ਹਜ਼ਾਰ ਡਾਲਰ ਦਾ ਇਨਾਮ ਐਲਾਨਿਆ ਹੈ। ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਸ਼ਖ਼ਸ ਹਾਮਿਦ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇ। ਹਾਮਿਦ (38) ’ਤੇ ਮਾਰਚ 2017 ਵਿੱਚ ਨਿਊਜਰਸੀ ਦੇ ਮੈਪਲ ਸ਼ੈੱਡ ਵਿੱਚ ਸ਼ਸ਼ੀਕਲਾ (38) ਅਤੇ ਉਸ ਦੇ ਪੁੱਤਰ ਅਨੀਸ਼ ਨਾਰਾ ਦੀ ਹੱਤਿਆ ਦਾ ਦੋਸ਼ ਹੈ। ਇਸ ਸਾਲ ਫਰਵਰੀ ’ਚ ਹਾਮਿਦ ’ਤੇ ਹੱਤਿਆ ਦੇ ਦੋ ਦੋਸ਼, ਨਾਜਾਇਜ਼ ਹਥਿਆਰ ਰੱਖਣ ਤੇ ਉਸ ਨੂੰ ਗ਼ੈਰ-ਕਾਨੂੰਨੀ ਮਕਸਦ ਲਈ ਵਰਤਣ ਦੇ ਦੋਸ਼ ਤੈਅ ਕੀਤੇ ਗਏ ਸਨ। ਅਮਰੀਕੀ ਅਧਿਕਾਰੀਆਂ ਮੁਤਾਬਕ ਹਾਮਿਦ ਹੱਤਿਆ ਦੇ ਛੇ ਮਹੀਨੇ ਬਾਅਦ ਭਾਰਤ ਮੁੜ ਗਿਆ ਸੀ ਤੇ ਉੱਥੇ ਰਹਿ ਰਿਹਾ ਹੈ।
ਬਰਲਿੰਗਟਨ ਕਾਊਂਟੀ ਪ੍ਰੌਸੀਕਿਊਟਰ ਦਫ਼ਤਰ (ਬੀ ਸੀ ਪੀ ਓ) ਨੇ ਬਿਆਨ ’ਚ ਦੱਸਿਆ ਕਿ ਜਾਂਚ ਦੌਰਾਨ ਉਸ ਨੂੰ ਮੁੱਖ ਸ਼ੱਕੀ ਮੰਨਿਆ ਗਿਆ ਹੈ ਕਿਉਂਕਿ ਉਹ ਮ੍ਰਿਤਕ ਮਹਿਲਾ ਦੇ ਪਤੀ ਹਨੂਮੰਤ ਦਾ ਪਿੱਛਾ ਕਰਦਾ ਮਿਲਿਆ ਸੀ। ਐੱਫ ਬੀ ਆਈ ਦੀ ਲੋੜੀਂਦੇ ਅਪਰਾਧੀਆਂ ਦੀ ਸੂਚੀ ’ਚ ਉਸ ਦਾ ਨਾਮ ਦਰਜ ਹੈ ਅਤੇ ਫੈਡਰਲ ਏਜੰਸੀ ਨੇ ਉਸ ਦੀ ਗ੍ਰਿਫ਼ਤਾਰੀ ਲਈ ਸੁਰਾਗ ਦੇਣ ਵਾਲੇ ਲਈ 50,000 ਡਾਲਰ ਦਾ ਇਨਾਮ ਐਲਾਨਿਆ ਹੈ। ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਭਾਰਤੀ ਸਫ਼ੀਰ ਵਿਨੈ ਕਵਾਤਰਾ ਨੂੰ ਫੋਨ ਕਰ ਕੇ ਅਤੇ ਪੱਤਰ ਭੇਜ ਕੇ ਹਾਮਿਦ ਦੀ ਹਵਾਲਗੀ ’ਚ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। -ਪੀਟੀਆਈ
