ਪਾਕਿਸਤਾਨੀ ਹਮਲੇ ਵਿੱਚ 12 ਤੋਂ ਵੱਧ ਨਾਗਰਿਕ ਮਾਰੇ ਗਏ: ਅਫਗਾਨ ਤਾਲਿਬਾਨ
ਅਫ਼ਗਾਨਿਸਤਾਨ ਵਿੱਚ ਤਾਜ਼ਾ ਲੜਾਈ ਦੌਰਾਨ ਬੁੱਧਵਾਰ ਨੂੰ ਅਫ਼ਗਾਨ ਅਤੇ ਪਾਕਿਸਤਾਨੀ ਫੌਜਾਂ ਵਿਚਕਾਰ ਮੁੜ ਝੜਪ ਹੋਣ ਕਾਰਨ 12 ਤੋਂ ਵੱਧ ਨਾਗਰਿਕ ਮਾਰੇ ਗਏ। ਤਾਲਿਬਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਲੜਾਈ ਨਾਲ ਪਿਛਲੇ ਹਫ਼ਤੇ ਦੇ ਅੰਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਝਗੜਿਆਂ ਤੋਂ ਬਾਅਦ ਬਣੀ ਨਾਜ਼ੁਕ ਸ਼ਾਂਤੀ ਭੰਗ ਹੋ ਗਈ।
ਕਦੇ ਸਹਿਯੋਗੀ ਰਹੇ ਦੱਖਣੀ ਏਸ਼ੀਆਈ ਦੇਸ਼ਾਂ ਵਿਚਕਾਰ ਹਾਲ ਹੀ ਵਿੱਚ ਹੋਏ ਇਸ ਤਣਾਅ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇਸਲਾਮਾਬਾਦ ਨੇ ਅਫ਼ਗਾਨ ਤਾਲਿਬਾਨ ਪ੍ਰਸ਼ਾਸਨ ਤੋਂ ਪਾਕਿਸਤਾਨ ਵਿੱਚ ਹਮਲੇ ਵਧਾਉਣ ਵਾਲੇ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਤਾਲਿਬਾਨ ਅਫ਼ਗਾਨਿਸਤਾਨ ਵਿੱਚ ਪਾਕਿਸਤਾਨੀ ਅਤਿਵਾਦੀਆਂ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹੈ।
ਅਫ਼ਗਾਨ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਐਕਸ ’ਤੇ ਕਿਹਾ, ‘‘ਅੱਜ ਸਵੇਰੇ, ਪਾਕਿਸਤਾਨੀ ਫ਼ੌਜਾਂ ਨੇ ਹਮਲੇ ਕੀਤੇ... 12 ਤੋਂ ਵੱਧ ਨਾਗਰਿਕ ਸ਼ਹੀਦ ਹੋ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।’’
ਤਾਲਿਬਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਫੌਜੀਆਂ ਨੂੰ ਮਾਰਿਆ ਹੈ। ਉਨ੍ਹਾਂ ਦੀਆਂ ਚੌਕੀਆਂ ਅਤੇ ਕੇਂਦਰਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਹਥਿਆਰ ਅਤੇ ਟੈਂਕ ਜ਼ਬਤ ਕਰ ਲਏ ਹਨ।
ਪਾਕਿਸਤਾਨੀ ਅਧਿਕਾਰੀਆਂ ਨੇ ਝੜਪਾਂ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਰਹੱਦ ਦੇ ਉਨ੍ਹਾਂ ਦੇ ਪਾਸੇ ਚਾਰ ਨਾਗਰਿਕ ਜ਼ਖਮੀ ਹੋਏ ਹਨ।