ਜੇ ਪੂਤਿਨ ਗੱਲਬਾਤ ਲਈ ਨਾ ਮੰਨੇ ਤਾਂ ਰੂਸ ’ਤੇ ਹੋਰ ਪਾਬੰਦੀਆਂ ਸੰਭਵ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਯੂਕਰੇਨ ਦੇ ਮੁੱਦੇ ’ਤੇ ਉਹ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਹੈ ਤਾਂ ਉਸ ’ਤੇ ਹੋਰ ਸਖ਼ਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਉਂਜ ਉਨ੍ਹਾਂ ਕਿਹਾ ਕਿ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਕਦੇ ਵੀ ਮਿਲਣ ਲਈ ਤਿਆਰ ਹਨ। ਇਹ ਪੁੱਛੇ ਜਾਣ ’ਤੇ ਕਿ ਜੇ ਪੂਤਿਨ ਗੱਲਬਾਤ ਲਈ ਅੱਗੇ ਨਹੀਂ ਆਉਂਦੇ ਹਨ ਤਾਂ ਕੀ ਅਮਰੀਕਾ ਵੱਲੋਂ ਰੂਸ ’ਤੇ ਹੋਰ ਵੀ ਪਾਬੰਦੀਆਂ ਲਾਈਆਂ ਜਾਣਗੀਆਂ ਤਾਂ ਟਰੰਪ ਨੇ ਕਿਹਾ, ‘‘ਇੰਜ ਹੀ ਜਾਪਦਾ ਹੈ।’’ ਟਰੰਪ ਨੇ ਕਿਹਾ ਕਿ ਜੇ ਯੋਗ ਰਾਸ਼ਟਰਪਤੀ ਹੁੰਦਾ ਤਾਂ ਰੂਸ-ਯੂਕਰੇਨ ਜੰਗ ਕਦੇ ਵੀ ਸ਼ੁਰੂ ਨਹੀਂ ਹੋਣੀ ਸੀ। ਉਨ੍ਹਾਂ ਕਿਹਾ ਕਿ ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਯੂਕਰੇਨ ’ਚ ਜੰਗ ਸ਼ੁਰੂ ਹੋਣ ਦਾ ਮਤਲਬ ਹੀ ਨਹੀਂ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਰੂਸ ਕਦੇ ਵੀ ਯੂਕਰੇਨ ’ਚ ਨਹੀਂ ਜਾਂਦਾ। ਪੂਤਿਨ ਨਾਲ ਮੇਰੀ ਚੰਗੀ ਗੱਲਬਾਤ ਸੀ। ਅਜਿਹਾ ਕਦੇ ਵੀ ਨਹੀਂ ਹੁੰਦਾ। ਉਨ੍ਹਾਂ ਬਾਇਡਨ ਅਤੇ ਲੋਕਾਂ ਦਾ ਅਪਮਾਨ ਕੀਤਾ ਹੈ। ਉਹ ਅਕਲਮੰਦ ਹੈ ਅਤੇ ਸਾਰੀ ਗੱਲ ਸਮਝਦਾ ਹੈ।’’ ਪੱਛਮੀ ਏਸ਼ੀਆ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਵੀ ਜੰਗ ਵਰਗਾ ਮਾਹੌਲ ਨਾ ਬਣਦਾ ਕਿਉਂਕਿ ਇਰਾਨ ਕਾਫੀ ਕਮਜ਼ੋਰ ਸੀ। ਇਕ ਸਵਾਲ ਦੇ ਜਵਾਬ ’ਚ ਟਰੰਪ ਨੇ ਕਿਹਾ ਕਿ ਉਹ ਪੂਤਿਨ ਨਾਲ ਕਦੇ ਵੀ ਮਿਲਣ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਜਦੋਂ ਵੀ ਉਹ ਚਾਹੁਣਗੇ, ਮੈਂ ਉਨ੍ਹਾਂ ਨਾਲ ਮਿਲਾਂਗਾ। ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਜਿਨ੍ਹਾਂ ’ਚ ਜ਼ਿਆਦਾਤਰ ਫੌਜੀ ਹਨ। ਇਹ ਭਿਆਨਕ ਹਾਲਾਤ ਹਨ। ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਸ਼ਹਿਰ ਤਬਾਹ ਹੋ ਚੁੱਕੇ ਹਨ।’’ ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰ ਭੇਜਣੇ ਜਾਰੀ ਰੱਖਣ ਬਾਰੇ ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਹਨ ਅਤੇ ਵਲੋਦੀਮੀਰ ਜ਼ੈਲੇਂਸਕੀ ਨਾਲ ਵੀ ਗੱਲ ਕੀਤੀ ਜਾ ਰਹੀ ਹੈ ਜੋ ਫੌਰੀ ਸ਼ਾਂਤੀ ਚਾਹੁੰਦੇ ਹਨ। -ਪੀਟੀਆਈ
ਚੀਨ ’ਤੇ ਪਹਿਲੀ ਫਰਵਰੀ ਤੋਂ 10 ਫ਼ੀਸਦੀ ਟੈਕਸ ਲਗਾਉਣ ਬਾਰੇ ਵਿਚਾਰਾਂ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਪਹਿਲੀ ਫਰਵਰੀ ਤੋਂ ਚੀਨੀ ਵਸਤਾਂ ਦੀ ਦਰਾਮਦ ’ਤੇ 10 ਫ਼ੀਸਦ ਟੈਕਸ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਚੀਨ ’ਤੇ ਟੈਕਸ ਲਗਾਉਣ ਦਾ ਫ਼ੈਸਲਾ ਇਸ ਤੱਥ ’ਤੇ ਆਧਾਰਿਤ ਹੋਵੇਗਾ ਕਿ ਉਹ ਮੈਕਸਿਕੋ ਅਤੇ ਕੈਨੇਡਾ ਨੂੰ ‘ਫੈਂਟਾਨਿਲ’ ਭੇਜ ਰਿਹਾ ਹੈ ਜਾਂ ਨਹੀਂ। ‘ਫੈਂਟਾਨਿਲ’ ਇਕ ਅਜਿਹਾ ਨਸ਼ੀਲਾ ਪਦਾਰਥ ਹੈ ਜੋ ਹੈਰੋਇਨ ਤੋਂ 50 ਗੁਣਾ ਵਧ ਤਾਕਤਵਰ ਹੈ। ਟਰੰਪ ਨੇ ਵ੍ਹਾਈਟ ਹਾਊਸ ’ਚ ਓਰੇਕਲ ਦੇ ਮੁੱਖ ਤਕਨਾਲੋਜੀ ਅਧਿਕਾਰੀ (ਸੀਟੀਓ) ਲੈਰੀ ਐਲਿਸਨ, ਸਾਫਟਬੈਂਕ ਦੇ ਸੀਈਓ ਮਾਸਾਯੋਸ਼ੀ ਸੋਨ ਅਤੇ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਨਾਲ ਸਾਂਝੀ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਉਹ ਮੈਕਸਿਕੋ ਅਤੇ ਚੀਨ ’ਤੇ 25 ਫ਼ੀਸਦ ਟੈਕਸ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਪਿਛਲੇ ਹਫ਼ਤੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਗੱਲਬਾਤ ਦੌਰਾਨ ਟੈਕਸ ਲਗਾਉਣ ਅਤੇ ਯੂਕਰੇਨ ’ਚ ਜੰਗ ਰੋਕਣ ਬਾਰੇ ਕਿਸੇ ਵੀ ਤਰ੍ਹਾਂ ਦੀ ਚਰਚਾ ਹੋਣ ਤੋਂ ਇਨਕਾਰ ਕੀਤਾ। -ਪੀਟੀਆਈ