ਪਾਕਿਸਤਾਨ ’ਚ ਮੌਨਸੂਨ ਕਾਰਨ ਹੁਣ ਤੱਕ 657 ਮੌਤਾਂ
ਪਾਕਿਸਤਾਨ ਵਿੱਚ ਜੂਨ ਮਹੀਨੇ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 657 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਪਗ 1,000 ਹੋਰ ਵਿਅਕਤੀ ਜ਼ਖਮੀ ਹੋ ਗਏ। ਮੀਡੀਆ ਨਾਲ ਗੱਲਬਾਤ ਦੌਰਾਨ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੇ ਤਰਜਮਾਨ ਤੱਯਬ ਸ਼ਾਹ ਨੇ ਕਿਹਾ ਕਿ 22 ਅਗਸਤ ਤੱਕ ਮੌਨਸੂਨ ਦਾ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਤੰਬਰ ਵਿੱਚ ਦੇਸ਼ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਸ਼ਾਹ ਨੇ ਕਿਹਾ ਕਿ ਇਸ ਸਾਲ ਮੌਨਸੂਨ ਦੀ ਬਾਰਸ਼ ਪਿਛਲੇ ਸਾਲ ਨਾਲੋਂ 50 ਤੋਂ 60 ਫੀਸਦ ਜ਼ਿਆਦਾ ਹੋਈ ਹੈ। ਇਸ ਸਾਲ ਮੌਨਸੂਨ ਸੀਜ਼ਨ ਹਾਲ ਦੇ ਸਾਲਾਂ ਵਿੱਚ ਸਭ ਤੋਂ ਵੱਧ ਤਬਾਹੀ ਵਾਲਾ ਰਿਹਾ ਹੈ। ਐੱਨਡੀਐੱਮਏ ਅਨੁਸਾਰ, 26 ਜੂਨ ਤੋਂ ਪਾਕਿਸਤਾਨ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ 657 ਵਿਅਕਤੀਆਂ ਦੀ ਮੌਤ ਹੋਈ ਹੈ। ਮ੍ਰਿਤਕਾਂ ਵਿੱਚ 171 ਬੱਚੇ, 94 ਔਰਤਾਂ ਅਤੇ 392 ਪੁਰਸ਼ ਸ਼ਾਮਲ ਹਨ। ਇਸ ਤੋਂ ਇਲਾਵਾ 929 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਖ਼ੈਬਰ ਪਖ਼ਤੂਨਖ਼ਵਾ ਸਭ ਤੋਂ ਵੱਧ ਪ੍ਰਭਾਵਿਤ ਪ੍ਰਾਂਤ ਹੈ, ਜਿੱਥੇ 390 ਵਿਅਕਤੀਆਂ ਦੀ ਮੌਤ ਹੋਈ ਹੈ। ਮ੍ਰਿਤਕਾਂ ਵਿੱਚ 288 ਪੁਰਸ਼, 59 ਬੱਚੇ ਅਤੇ 43 ਔਰਤਾਂ ਸ਼ਾਮਲ ਹਨ।
ਬੁਨੇਰ ਤੇ ਸ਼ਾਂਗਲਾ ਜ਼ਿਲ੍ਹਿਆਂ ’ਚ 150 ਲਾਪਤਾ
ਖੈਬਰ ਪਖ਼ਤੂਨਖਵਾ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀਡੀਐੱਮਏ) ਦੇ ਡਾਇਰੈਕਟਰ ਜਨਰਲ ਅਸਫੰਦਯਾਰ ਖੱਟਕ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਬੁਨੇਰ ਅਤੇ ਸ਼ਾਂਗਲਾ ਜ਼ਿਲ੍ਹਿਆਂ ਤੋਂ ਲਗਪਗ 150 ਵਿਅਕਤੀ ਲਾਪਤਾ ਹਨ। ਅਧਿਕਾਰੀਆਂ ਮੁਤਾਬਕ, ਬੁਨੇਰ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਵਿਆਹ ਦੀ ਤਿਆਰੀ ਕਰ ਰਹੇ ਪਰਿਵਾਰ ਦੇ 21 ਮੈਂਬਰਾਂ ਸਣੇ 84 ਵਿਅਕਤੀ ਮਾਰੇ ਗਏ। ਖੱਟਕ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਰਾਹਤ ਕਾਰਜਾਂ ਵਿੱਚ ਸੂਬਾ ਸਰਕਾਰ ਦੀ ਮਦਦ ਲਈ ਹਥਿਆਰਬੰਦ ਬਲਾਂ ਦੇ ਪੰਜ ਹੈਲੀਕਾਪਟਰ ਤਾਇਨਾਤ ਕੀਤੇ ਹੋਏ ਹਨ। ਸੂਬਾ ਸਰਕਾਰ ਨੇ ਰਾਹਤ ਕਾਰਜਾਂ ਲਈ 1.5 ਅਰਬ ਪਾਕਿਸਤਾਨੀ ਰੁਪਏ ਜਾਰੀ ਕੀਤੇ ਹਨ।