ਮਰੀਅਮ ਨਵਾਜ਼ ਦੇ ਸੁਰੱਖਿਆ ਮੁਲਾਜ਼ਮਾਂ ਦੀ ਜਾਂਚ
ਪਾਕਿਸਤਾਨ ਦੀ ਪੰਜਾਬ ਪੁਲੀਸ ਨੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਪੀ) ਤੋਂ ਧਮਕੀ ਮਿਲਣ ਤੋਂ ਬਾਅਦ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਸੁਰੱਖਿਆ ਲਈ ਤਾਇਨਾਤ ਸਾਰੇ ਮੁਲਾਜ਼ਮਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ।
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵੀ ਆਪਣੇ ਜਨਤਕ ਪ੍ਰੋਗਰਾਮਾਂ ਵਿੱਚ ਕਟੌਤੀ ਕਰ ਦਿੱਤੀ ਹੈ ਅਤੇ ਇਸ ਕੱਟੜਪੰਥੀ ਜਥੇਬੰਦੀ ਤੋਂ ਮਿਲੀ ਧਮਕੀ ਦੇ ਮੱਦੇਨਜ਼ਰ ਉਨ੍ਹਾਂ ਦੀ ਕੈਬਨਿਟ ਦੇ ਕੁਝ ਸੀਨੀਅਰ ਮੈਂਬਰਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਹ ਕਦਮ ਟੀ ਐੱਲ ਪੀ ਜੋ ਕਿ ਹੁਣ ਪਾਬੰਦੀਸ਼ੁਦਾ ਜਥੇਬੰਦੀ ਹੈ, ਖ਼ਿਲਾਫ਼ ਕਾਰਵਾਈ ਤੋਂ ਬਾਅਦ ਚੁੱਕੇ ਗਏ ਹਨ। 10 ਅਕਤੂਬਰ ਨੂੰ ਲਾਹੌਰ ਤੋਂ ਲਗਪਗ 60 ਕਿਲੋਮੀਟਰ ਦੂਰ ਮੁਰੀਦਕੇ ਵਿੱਚ ਪੁਲੀਸ ਅਤੇ ਟੀ ਐੱਲ ਪੀ ਸਮਰਥਕਾਂ ਵਿਚਕਾਰ ਹੋਈਆਂ ਝੜਪਾਂ ਵਿੱਚ ਪੁਲੀਸ ਮੁਲਾਜ਼ਮਾਂ ਸਣੇ ਘੱਟੋ-ਘੱਟ 16 ਵਿਅਕਤੀ ਮਾਰੇ ਗਏ ਸਨ ਅਤੇ 1,600 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਜਾਂਚ ਪ੍ਰਕਿਰਿਆ ਵਿੱਚ ਲਾਹੌਰ ’ਚ ਸ਼ਰੀਫ਼ ਪਰਿਵਾਰ ਦੀ ਰਿਹਾਇਸ਼ਗਾਹ ‘ਜਾਤੀ ਉਮਰਾ’ ਅਤੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਹੋਰ ਸਹਾਇਕ ਸਟਾਫ਼ ਵਜੋਂ ਤਾਇਨਾਤ ਸਾਰੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ, “ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਾਬੰਦੀਸ਼ੁਦਾ ਜਥੇਬੰਦੀ ਨਾਲ ਜੁੜਿਆ ਕੋਈ ਵੀ ਵਿਅਕਤੀ ਜਾਂ ਅਤਿਵਾਦੀ ਵਿਚਾਰ ਰੱਖਣ ਵਾਲਾ ਕੋਈ ਵੀ ਵਿਅਕਤੀ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦਾ ਹਿੱਸਾ ਨਾ ਰਹੇ।’’ ਉਨ੍ਹਾਂ ਕਿਹਾ ਕਿ ਇਹ ਜਾਂਚ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਖੁਫੀਆ ਵਿਭਾਗ ਨੇ ਟੀ ਐੱਲ ਪੀ ਨਾਲ ਸਬੰਧਾਂ ਦੇ ਸ਼ੱਕ ਵਾਲੇ ਵਿਅਕਤੀਆਂ ਨਾਲ ਜੁੜੇ ਸੰਭਾਵੀ ਖ਼ਤਰਿਆਂ ਦਾ ਸੰਕੇਤ ਦਿੱਤਾ ਹੈ।
