ਮਾਲਦੀਵ: ਨਵੇਂ ਕਾਨੂੰਨ ਨੇ ਪੱਤਰਕਾਰਾਂ ਤੇ ਮੀਡੀਆ ਕੰਪਨੀਆਂ ਦੀ ਸੰਘੀ ਘੁੱਟੀ
ਕਾਨੂੰਨ ਦੀ ਉਲੰਘਣਾ ’ਤੇ ਲੱਗੇਗਾ ਭਾਰੀ ਜੁਰਮਾਨਾ
Advertisement
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਨਵੇਂ ਵਿਵਾਦਤ ਮੀਡੀਆ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਉਲੰਘਣਾ ’ਤੇ ਭਾਰੀ ਜੁਰਮਾਨੇ ਅਤੇ ਮੀਡੀਆ ਸੰਸਥਾਨਾ ਨੂੰ ਅਸਥਾਈ ਜਾਂ ਸਥਾਈ ਤੌਰ ’ਤੇ ਬੰਦ ਕਰਨ ਦੀ ਵਿਵਸਥਾ ਹੈ। ਇਸ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਪੱਤਰਕਾਰਾਂ ਨੂੰ ਜਿੱਥੇ 1,620 ਅਮਰੀਕੀ ਡਾਲਰ ਦਾ ਨਿੱਜੀ ਜੁਰਮਾਨਾ ਭਰਨਾ ਪੈ ਸਕਦਾ ਹੈ, ਉੱਥੇ ਹੀ ਮੀਡੀਆ ਕੰਪਨੀਆਂ ਨੂੰ 6,485 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਵੇਂ ਕਾਨੂੰਨ ਤਹਿਤ ਅਧਿਕਾਰੀਆਂ ਕੋਲ ਜਾਂਚ ਪੂਰੀ ਹੋਣ ਤੱਕ ਮੀਡੀਆ ਲਾਇਸੈਂਸ ਮੁਅੱਤਲ ਕਰਨ, ਲਾਇਸੈਂਸ ਰੱਦ ਕਰਨ ਲਈ ਕੇਸ ਦਾਇਰ ਕਰਨ ਜਾਂ ਨਵੇਂ ਕਾਨੂੰਨ ਦੀ ਉਲੰਘਣਾ ਕੀਤੇ ਜਾਣ ’ਤੇ ਪੁਲੀਸ ਨੂੰ ਵਿਚਾਲੇ ਹੀ ਪ੍ਰਸਾਰਨ ਰੋਕਣ ਲਈ ਭੇਜਣ ਦੀ ਵਿਵਸਥਾ ਹੈ।
ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਸ੍ਰੀ ਮੁਇਜ਼ੂ ਨੇ ‘ਮਾਲਦੀਵ ਮੀਡੀਆ ਅਤੇ ਪ੍ਰਸਾਰਣ ਰੈਗੂਲੇਸ਼ਨ ਐਕਟ’ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਪਿਛਲੇ ਮੰਗਲਵਾਰ ਨੂੰ ਸੰਸਦ ਵਿੱਚ ਭਾਰੀ ਬਹੁਮਤ ਨਾਲ ਪਾਸ ਕੀਤਾ ਗਿਆ ਸੀ। ਸੰਸਦ ਦੇ 93 ਮੈਂਬਰਾਂ ’ਚੋਂ 60 ਵਿਧਾਇਕਾਂ ਨੇ ਬਿੱਲ ਦੇ ਪੱਖ ਵਿੱਚ ਵੋਟਿੰਗ ਕੀਤੀ ਸੀ ਜਦਕਿ ਰੋਸ ਪ੍ਰਗਟਾਉਣ ਵਾਲੇ ਵਿਰੋਧੀ ਮੈਂਬਰਾਂ ਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਨਵੇਂ ਕਾਨੂੰਨ ਮੁਤਾਬਕ ਪੱਤਰਕਾਰਾਂ ਨੂੰ ਦੇਸ਼ ਦੇ ਸੰਵਿਧਾਨ, ਇਸਲਾਮ, ਕੌਮੀ ਸੁਰੱਖਿਆ, ਸਮਾਜਿਕ ਮੁੱਲਾਂ ਦਾ ਸਨਮਾਨ ਕਰਨਾ ਪਵੇਗਾ ਅਤੇ ਨਿੱਜੀ ਸਨਮਾਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਪਵੇਗੀ। ਇਸ ਕਾਨੂੰਨ ਤਹਿਤ ਕਥਿਤ ਅਪਰਾਧਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਨਿਯੁਕਤ ਕੀਤੀ ਜਾਵੇਗੀ।
Advertisement
Advertisement