ਸ਼ੀ ਨਾਲ ਗੱਲਬਾਤ ਲਈ ਮੈਕਰੋਂ ਚੀਨ ਪੁੱਜੇ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤਿੰਨ ਦਿਨਾ ਸਰਕਾਰੀ ਦੌਰੇ ’ਤੇ ਚੀਨ ਪੁੱਜੇ ਹਨ। ਉਨ੍ਹਾਂ ਦਾ ਇਹ ਦੌਰਾ ਵਪਾਰ ਅਤੇ ਕੂਟਨੀਤਕ ਗੱਲਬਾਤ ’ਤੇ ਕੇਂਦਰਿਤ ਹੈ। ਉਹ ਇਸ ਦੌਰਾਨ ਯੂਕਰੇਨ ਨਾਲ ਜੰਗਬੰਦੀ ਲਈ ਰੂਸ ’ਤੇ ਦਬਾਅ ਵਧਾਉਣ ਲਈ ਪੇਈਚਿੰਗ ਨੂੰ ਨਾਲ ਰਲਾਉਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਮੈਕਰੋਂ ਆਰਥਿਕ ਅਤੇ ਵਪਾਰਕ ਮਾਮਲਿਆਂ ਵਿੱਚ ਸਹਿਯੋਗ ਦੇ ਏਜੰਡੇ ਦੀ ਵਕਾਲਤ ਕਰਨਗੇ, ਜਿਸ ਦਾ ਉਦੇਸ਼ ਅਜਿਹਾ ਸੰਤੁਲਨ ਬਣਾਉਣਾ ਹੈ ਜੋ ਟਿਕਾਊ ਤੇ ਠੋਸ ਵਿਕਾਸ ਨੂੰ ਯਕੀਨੀ ਬਣਾਏ, ਜਿਸ ਨਾਲ ਸਭ ਨੂੰ ਲਾਭ ਮਿਲੇ।
ਫਰਾਂਸ ਦਾ ਟੀਚਾ ਚੀਨੀ ਕੰਪਨੀਆਂ ਤੋਂ ਵਧੇਰੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਫਰਾਂਸੀਸੀ ਬਰਾਮਦ ਲਈ ਬਾਜ਼ਾਰ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਹੈ। ਇਸ ਦੌਰੇ ਦੌਰਾਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਊਰਜਾ, ਖੁਰਾਕ ਸਨਅਤ ਅਤੇ ਹਵਾਬਾਜ਼ੀ ਖੇਤਰਾਂ ਵਿੱਚ ਕਈ ਸਮਝੌਤਿਆਂ ’ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਮੈਕਰੋਂ ‘ਨਿਰਪੱਖ ਅਤੇ ਆਪਸੀ ਬਾਜ਼ਾਰ ਪਹੁੰਚ’ ਦੀ ਰਾਖੀ ਲਈ
ਵਚਨਬੱਧ ਹਨ।
