ਲੰਡਨ: ਫਲਸਤੀਨੀ ਜਥੇਬੰਦੀ ’ਤੇ ਪਾਬੰਦੀ ਦੇ ਵਿਰੋਧ ’ਚ ਪ੍ਰਦਰਸ਼ਨ
ਬਰਤਾਨੀਆ ਸਰਕਾਰ ਵੱਲੋਂ ‘ਫਲਸਤੀਨ ਐਕਸ਼ਨ’ ਜਥੇਬੰਦੀ ’ਤੇ ਲਗਾਈ ਗਈ ਪਾਬੰਦੀ ਦੇ ਵਿਰੋਧ ’ਚ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਮੈਟਰੋਪਾਲਿਟਨ ਪੁਲੀਸ ਨੇ ਪ੍ਰਦਰਸ਼ਨ ਦੌਰਾਨ 474 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ’ਚੋਂ 466 ਨੂੰ ਪਾਬੰਦੀਸ਼ੁਦਾ ਗਰੁੱਪ ਨੂੰ ਹਮਾਇਤ ਦੇਣ ਦੇ ਸਬੰਧ ’ਚ ਯੂਕੇ ਦੇ ਟੈਰਰਿਜ਼ਮ ਐਕਟ ਤਹਿਤ ਹਿਰਾਸਤ ’ਚ ਲਿਆ ਗਿਆ ਜਦਕਿ 8 ਹੋਰਾਂ ਨੂੰ ਪੁਲੀਸ ਅਧਿਕਾਰੀਆਂ ’ਤੇ ਹਮਲੇ ਸਮੇਤ ਹੋਰ ਜੁਰਮਾਂ ਤਹਿਤ ਫੜਿਆ ਗਿਆ ਹੈ। ਬਰਤਾਨੀਆ ਸਰਕਾਰ ਨੇ ‘ਫਲਸਤੀਨ ਐਕਸ਼ਨ’ ਨੂੰ ਅਤਿਵਾਦੀ ਜਥੇਬੰਦੀ ਕਰਾਰ ਦਿੱਤਾ ਹੈ।
ਕਈ ਪ੍ਰਦਰਸ਼ਨਕਾਰੀਆਂ ਨੇ ‘ਫਲਸਤੀਨ ਐਕਸ਼ਨ’ ਨੂੰ ਹਮਾਇਤ ਦੇਣ ਵਾਲੇ ਬੈਨਰ ਫੜੇ ਹੋਏ ਸਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਦਹਾਕੇ ’ਚ ਇਕੋ ਅਪਰੇਸ਼ਨ ’ਚ ਇੰਨੇ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਕੀਤੀਆਂ ਹਨ। ਐਮਨੈਸਟੀ ਇੰਟਰਨੈਸ਼ਨਲ ਯੂਕੇ ਦੇ ਮੁੱਖ ਕਾਰਜਕਾਰੀ ਸਾਚਾ ਦੇਸ਼ਮੁਖ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਹਿੰਸਾ ਨਹੀਂ ਭੜਕਾ ਰਹੇ ਸਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਨਰਸੰਘਾਰ ਨੂੰ ਰੋਕਣ ਲਈ ਕਦਮ ਚੁੱਕੇ ਜਾਣ ਦੀ ਲੋੜ ਹੈ।