ਲੈਫਟੀਨੈਂਟ ਜਨਰਲ ਮੁਹੰਮਦ ਆਸਿਮ ਮਲਿਕ ਦੇ ISI ਦੇ ਡਾਇਰੈਕਟਰ ਜਨਰਲ ਵਜੋਂ ਕਾਰਜਕਾਲ ’ਚ ਵਾਧਾ
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਪ੍ਰਮੁੱਖ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਮੌਜੂਦਾ ਮੁਖੀ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਮੁਹੰਮਦ ਆਸਿਮ ਮਲਿਕ ਇਸ ਅਹੁਦੇ ਤੇ ਬਣੇ ਰਹਿਣਗੇ। ਸੁਰੱਖਿਆ ਸੂਤਰਾਂ ਨੇ ਦੱਸਿਆ, "ਲੈਫਟੀਨੈਂਟ ਜਨਰਲ ਆਸਿਮ ਮਲਿਕ ਆਪਣੀ ਮੌਜੂਦਾ ਨਿਯੁਕਤੀ ਵਿੱਚ ਸੇਵਾਵਾਂ ਜਾਰੀ ਰੱਖ ਰਹੇ ਹਨ।" ਮੀਡੀਆ ਰਿਪੋਰਟਾਂ ਅਨੁਸਾਰ ਲੈਫਟੀਨੈਂਟ ਜਨਰਲ ਮਲਿਕ, ਜੋ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ, ਇਸ ਸਾਲ ਦੇ ਅੰਤ ਵਿੱਚ ਸੇਵਾਮੁਕਤ ਹੋਣ ਵਾਲੇ ਸਨ। ਹਾਲਾਂਕਿ, ਉਨ੍ਹਾਂ ਦੀ ਸੇਵਾਮੁਕਤੀ ਦੀ ਸਹੀ ਤਰੀਕ ਨਹੀਂ ਦੱਸੀ ਗਈ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਉਨ੍ਹਾਂ ਦੀ ਫੌਜੀ ਸੇਵਾ ਵਧਾਈ ਜਾਵੇਗੀ, ਜੋ ਸਰਕਾਰ ਕਰ ਸਕਦੀ ਹੈ ਜਾਂ ਕੀ ਉਹ ਰਸਮੀ ਸੇਵਾਮੁਕਤੀ ਤੋਂ ਬਾਅਦ ਮੌਜੂਦਾ ਭੂਮਿਕਾ ਵਿੱਚ ਸੇਵਾ ਜਾਰੀ ਰੱਖਣਗੇ।
ਉਨ੍ਹਾਂ ਨੂੰ ਸਤੰਬਰ 2024 ਵਿੱਚ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਦੀ ਥਾਂ 'ਤੇ ISI ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਸ ਸਾਲ ਅਪਰੈਲ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ।