ਮਜ਼ਦੂਰ ਦਿਵਸ: ਟਰੰਪ ਖ਼ਿਲਾਫ਼ ਸੜਕਾਂ ’ਤੇ ਨਿੱਤਰੇ ਅਮਰੀਕੀ
ਮਜ਼ਦੂਰ ਦਿਵਸ ਮੌਕੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਸੜਕਾਂ ’ਤੇ ਨਿੱਤਰੇ ਅਤੇ ਕਾਮਿਆਂ ਲਈ ਢੁਕਵੀਆਂ ਉਜਰਤਾਂ ਦੀ ਮੰਗ ਕੀਤੀ। ‘ਵਨ ਫੇਅਰ ਵੇਜ’ ਨਾਮਕ ਸੰਗਠਨ ਨੇ ਸ਼ਿਕਾਗੋ ਅਤੇ ਨਿਊਯਾਰਕ ਵਿੱਚ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਦਾ ਮਕਸਦ ਅਮਰੀਕਾ ਵਿੱਚ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਕੇਂਦਰਿਤ ਕਰਨਾ ਸੀ, ਜਿੱਥੇ ਘੱਟੋ-ਘੱਟ ਉਜਰਤ 7.25 ਡਾਲਰ ਪ੍ਰਤੀ ਘੰਟਾ ਹੈ।
ਰਾਸ਼ਟਰਪਤੀ ਟਰੰਪ ਦੀ ਨਿਊਯਾਰਕ ਸਥਿਤ ਪੁਰਾਣੀ ਰਿਹਾਇਸ਼ ਅੱਗੇ ‘ਟਰੰਪ ਨੂੰ ਹੁਣ ਜਾਣਾ ਚਾਹੀਦਾ’ ਦੇ ਨਾਅਰੇ ਗੂੰਜਦੇ ਰਹੇ। ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਸ਼ਿਕਾਗੋ ਵਿੱਚ ਇੱਕ ਹੋਰ ‘ਟਰੰਪ ਟਾਵਰ’ ਅੱਗੇ ‘ਨੈਸ਼ਨਲ ਗਾਰਡ ਨਹੀਂ ਚਾਹੁੰਦੇ’ ਅਤੇ ‘ਉਸਨੂੰ ਜੇਲ੍ਹ ’ਚ ਸੁੱਟੋ’ ਦੇ ਨਾਅਰੇ ਲਾਏ। ਵਾਸ਼ਿੰਗਟਨ ਡੀਸੀ ਅਤੇ ਸਾਂ ਫਰਾਂਸਿਸਕੋ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਸੜਕਾਂ ’ਤੇ ਨਿੱਤਰੇ। ਨਿਊਯਾਰਕ ਵਿੱਚ ਲੋਕ ‘ਟਰੰਪ ਟਾਵਰ’ ਦੇ ਬਾਹਰ ਇਕੱਠੇ ਹੋਏ, ਜੋ ਸਾਲਾਂ ਤੋਂ ਰਾਸ਼ਟਰਪਤੀ ਦੀ ਰਿਹਾਇਸ਼ ਨਾ ਹੋਣ ਦੇ ਬਾਵਜੂਦ, ਉਸਦੀ ਸ਼ਾਨੋ-ਸ਼ੌਕਤ ਦਾ ਪ੍ਰਤੀਕ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣਿਆ ਹੋਇਆ ਹੈ। ਵਾਸ਼ਿੰਗਟਨ ਅਤੇ ਸ਼ਿਕਾਗੋ ਵਿੱਚ ਕਈ ਸਮੂਹ ਇਕਜੁੱਟ ਹੋ ਕੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ। ਸ਼ਿਕਾਗੋ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਇੱਕ ਔਰਤ ਦਰਮਿਆਨ ਤਕਰਾਰ ਵੀ ਹੋਈ। ਸਾਂ ਡੀਏਗੋ ਤੋਂ ਸਿਆਟਲ ਤੱਕ ਪੱਛਮੀ ਤੱਟ ’ਤੇ ਸੈਂਕੜੇ ਲੋਕ ਰੈਲੀਆਂ ਵਿੱਚ ਇਕੱਤਰ ਹੋਏ ਅਤੇ ‘ਅਰਬਪਤੀ ਜਮਾਤ ਦਾ ਕਬਜ਼ਾ’ ਰੋਕਣ ਦਾ ਸੱਦਾ ਦਿੱਤਾ।