ਖਾਲਿਦਾ ਜ਼ਿਆ ਦੀ ਹਾਲਤ ਹੋਰ ਵਿਗੜੀ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਹਾਲਤ ਹੋਰ ਵਿਗੜ ਗਈ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬਰਤਾਨੀਆ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਐਵਰਕੇਅਰ ਹਸਪਤਾਲ ’ਚ ਦਾਖ਼ਲ ਖਾਲਿਦਾ ਜ਼ਿਆ ਦੇ ਚੱਲ ਰਹੇ ਇਲਾਜ ਦੀ ਜਾਣਕਾਰੀ ਹਾਸਲ ਕੀਤੀ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੀ ਚੇਅਰਪਰਸਨ ਖਾਲਿਦਾ ਜ਼ਿਆ ਨੂੰ ਨਾਜ਼ੁਕ ਹਾਲਤ ਦੌਰਾਨ ਵਿਦੇਸ਼ ਲਿਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਹਸਪਤਾਲ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਧਰ, ਲੰਡਨ ’ਚ ਜਲਾਵਤਨੀ ਤਹਿਤ ਕਰੀਬ ਇਕ ਦਹਾਕੇ ਤੋਂ ਰਹਿ ਰਹੇ ਖਾਲਿਦਾ ਦੇ ਪੁੱਤਰ ਤਾਰਿਕ ਰਹਿਮਾਨ ਨੇ ਛੇਤੀ ਬੰਗਲਾਦੇਸ਼ ਪਰਤਣ ਦਾ ਫ਼ੈਸਲਾ ਕੀਤਾ ਹੈ।
ਇਸੇ ਦੌਰਾਨ ਭਾਰਤ, ਚੀਨ, ਅਮਰੀਕਾ, ਕਤਰ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਵੀ ਮੈਡੀਕਲ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਬਰਤਾਨੀਆ, ਅਮਰੀਕਾ ਅਤੇ ਬੰਗਲਾਦੇਸ਼ ਦੇ ਡਾਕਟਰਾਂ ’ਤੇ ਆਧਾਰਿਤ ਮੈਡੀਕਲ ਬੋਰਡ ਜ਼ਿਆ ਦੀ ਸਿਹਤ ’ਤੇ ਨਜ਼ਰ ਰੱਖ ਰਿਹਾ ਹੈ। ਪੰਜ ਮੈਂਬਰੀ ਚੀਨੀ ਟੀਮ ਨੇ ਸੋਮਵਾਰ ਨੂੰ ਮੈਡੀਕਲ ਬੋਰਡ ਨਾਲ ਮੁਲਾਕਾਤ ਕੀਤੀ। ਜ਼ਿਆ ਦੀ ਸਿਹਤਯਾਬੀ ਲਈ ਢਾਕਾ, ਰਾਜਸ਼ਾਹੀ, ਚੱਟੋਗਰਾਮ, ਬਾਰੀਸ਼ਾਲ, ਸਿਲਹਟ ਅਤੇ ਮੈਮਨਸਿੰਘ ਸਮੇਤ ਪੂਰੇ ਮੁਲਕ ’ਚ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਪੁੱਤਰ ਤਾਰਿਕ ਰਹਿਮਾਨ ਨੇ ਆਗੂਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਆਪਣੀ ਮਾਂ ਦੀ ਸਿਹਤਯਾਬੀ ਲਈ ਦੁਆ ਕੀਤੀ ਹੈ।
