ਕਾਸ਼ ਪਟੇਲ ਦੀ ਡੈਮੋਕਰੈਟਾਂ ਨਾਲ ਤਿੱਖੀ ਝੜਪ
ਸੰਘੀ ਜਾਂਚ ਏਜੰਸੀ ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਦਾ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਡੈਮੋਕਰੈਟ ਆਗੂਆਂ ਨਾਲ ਟਕਰਾਅ ਹੋਇਆ। ਪਟੇਲ ਨੇ ਆਪਣੇ ਰਿਕਾਰਡ ਦਾ ਬਚਾਅ ਕੀਤਾ, ਜਿਸ ਸਬੰਧੀ ਆਲੋਚਨਾ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਦੇਸ਼ ਦੀ ਪ੍ਰਮੁੱਖ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦਾ ਸਿਆਸੀਕਰਨ ਕੀਤਾ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੰਨੇ-ਪ੍ਰਮੰਨੇ ਵਿਰੋਧੀਆਂ ਖ਼ਿਲਾਫ਼ ਬਦਲੇ ਦੀ ਕਾਰਵਾਈ ਕੀਤੀ ਹੈ। ਸੈਨੇਟ ਦੀ ਨਿਆਂ ਕਮੇਟੀ ਸਾਹਮਣੇ ਅੱਜ ਪਟੇਲ ਦੀ ਪੇਸ਼ੀ ਉਨ੍ਹਾਂ ਦੇ ਕਾਰਜਕਾਲ ਦੀ ਪਹਿਲੀ ਸੁਣਵਾਈ ਸੀ। ਇਹ ਉਨ੍ਹਾਂ ਲਈ ਅਜਿਹਾ ਮੰਚ ਸੀ ਜਿੱਥੇ ਉਹ ਇਹ ਸਾਬਤ ਕਰ ਸਕਣ ਕਿ ਉਹ ਇਸ ਨੌਕਰੀ ਲਈ ਸਹੀ ਵਿਅਕਤੀ ਹਨ। ਇਹ ਅਜਿਹੇ ਸਮੇਂ ਹੋਇਆ ਜਦੋਂ ਅੰਦਰੂਨੀ ਉਥਲ-ਪੁਥਲ ਅਤੇ ਅਮਰੀਕਾ ਵਿੱਚ ਸਿਆਸੀ ਹਿੰਸਾ ਬਾਰੇ ਚਿੰਤਾ ਵਧ ਰਹੀ ਹੈ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਉਟਾਹ ਵਿੱਚ ਕਾਲਜ ਕੈਂਪਸ ’ਚ ਰੂੜ੍ਹੀਵਾਦੀ ਕਾਰਕੁਨ ਚਾਰਲੀ ਕਿਰਕ ਦੀ ਹੱਤਿਆ ਨੇ ਸਪੱਸ਼ਟ ਕਰ ਦਿੱਤਾ ਹੈ। ਇਸ ਸੁਣਵਾਈ ਦੌਰਾਨ ਰਿਪਬਲਿਕਨ ਆਗੂਆਂ ਨੇ ਪਟੇਲ ਦਾ ਸਮਰਥਨ ਕੀਤਾ।