ਬਾਇਡਨ ਦੇ ਮੁੜ ਚੋਣ ਲੜਨ ਦੇ ਫ਼ੈਸਲੇ ਖ਼ਿਲਾਫ਼ ਚੁੱਪ ਰਹਿਣ ਦਾ ਅਫ਼ਸੋਸ: ਕਮਲਾ
ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੀਤੀ ਸ਼ਾਮ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਦੂਜੇ ਕਾਰਜਕਾਲ ਲਈ ਚੋਣ ਲੜਨ ਦੇ ਫੈਸਲੇ ਖ਼ਿਲਾਫ਼ ਆਪਣੀਆਂ ਚਿੰਤਾਵਾਂ ਜ਼ਾਹਰ ਨਾ ਕਰਨ ਦਾ ਅਫ਼ਸੋਸ ਹੈ, ਖਾਸ ਕਰਕੇ ਉਸ ਸਮੇਂ ਜਦੋਂ ਜ਼ਿਆਦਾਤਰ ਅਮਰੀਕੀ ਮਹਿਸੂਸ ਕਰ ਰਹੇ ਸਨ ਕਿ ਉਹ ਇਸ ਅਹੁਦੇ ਲਈ ਬਹੁਤ ਉਮਰਦਰਾਜ਼ ਹਨ। ਹੈਰਿਸ ਨੇ ਚੋਣਾਂ ਤੋਂ ਬਾਅਦ ਆਪਣੇ ਪਹਿਲੇ ਲਾਈਵ ਟੈਲੀਵਿਜ਼ਨ ਇੰਟਰਵਿਊ ਵਿੱਚ ਐੱਮ ਐੱਸ ਐੱਨ ਬੀ ਸੀ ’ਤੇ ਰਸ਼ੇਲ ਮੈਡੋ ਨੂੰ ਕਿਹਾ, ‘ਮੇਰੀ ਖਾਸ ਜ਼ਿੰਮੇਵਾਰੀ ਹੈ ਅਤੇ ਸੀ, ਜਿਸ ਦੀ ਮੈਨੂੰ ਪਾਲਣਾ ਕਰਨੀ ਚਾਹੀਦੀ ਸੀ।’ ਡੈਮੋਕਰੈਟਿਕ ਆਗੂ ਦੀਆਂ ਇਹ ਟਿੱਪਣੀਆਂ ਉਨ੍ਹਾਂ ਦੀ ਕਿਤਾਬ ‘107 ਡੇਜ਼’ ਵਿਚਲੇ ਅੰਸ਼ ’ਤੇ ਆਧਾਰਿਤ ਹਨ, ਜਿਸ ਵਿਚ ਉਨ੍ਹਾਂ 2024 ਦੇ ਡੈਮੋਕਰੈਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੁੂਪ ਵਿਚ ਬਾਇਡਨ ਦੇ ਦੌੜ ’ਚੋਂ ਬਾਹਰ ਹੋਣ ਮਗਰੋਂ ਉਨ੍ਹਾਂ ਦੀ ਥਾਂ ਲੈਣ ਦੇ ਆਪਣੇ ਤਜਰਬੇ ’ਤੇ ਚਾਨਣਾ ਪਾਇਆ ਹੈ। ਹੈਰਿਸ ਉਦੋਂ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਕੋਲੋਂ ਹਾਰ ਗਈ ਸੀ। ਹੈਰਿਸ ਨੇ ਕਿਤਾਬ ਵਿੱਚ ਡੈਮੋਕਰੈਟਿਕ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਵ੍ਹਾਈਟ ਹਾਊਸ ਵਿੱਚ ਹਰ ਕੋਈ ਕਹੇਗਾ ਕਿ ‘ਇਹ ਜੋਅ ਅਤੇ ਜਿਲ ਦਾ ਫੈਸਲਾ ਹੈ ਕਿ ਉਹ ਦੁਬਾਰਾ ਚੋਣ ਲੜ ਰਹੇ ਹਨ।’ ਹੈਰਿਸ ਨੇ ਲਿਖਿਆ, ‘ਕੀ ਇਹ ਸ਼ਰਾਫਤ ਸੀ ਜਾਂ ਅਣਗਹਿਲੀ? ਪਿੱਛੇ ਮੁੜ ਕੇ ਦੇਖਣ ’ਤੇ ਮੈਨੂੰ ਲੱਗਦਾ ਹੈ ਕਿ ਇਹ ਅਣਗਹਿਲੀ ਹੀ ਸੀ।’