ਕਬਰਾਂ ਪੁੱਟ ਕੇ ਗਹਿਣੇ ਚੋਰੀ
ਵੈਨਕੂਵਰ: ਓਂਟਾਰੀਓ ਪੁਲੀਸ ਨੇ ਇੱਥੇ ਕਰੀਬ 300 ਕਬਰਾਂ ਵਿੱਚੋਂ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਟੋਰਾਂਟੋ, ਨਿਆਗਰਾ ਨੇੜੇ ਕਬਰਸਤਾਨਾਂ ’ਚੋਂ ਚੰਗੀ ਦਿੱਖ ਵਾਲੀਆਂ ਕਬਰਾਂ ਪੁੱਟ ਕੇ ਲਾਸ਼ਾਂ ਦੇ ਗਲ਼ਾਂ ’ਚੋਂ ਕੀਮਤੀ ਗਹਿਣੇ ਚੋਰੀ ਕੀਤੇ ਸਨ। ਪੁਲੀਸ ਨੇ ਇੱਕ ਪੁਰਸ਼ ਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਗਹਿਣੇ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਜੌਹਨ ਰਚ (45) ਤੇ ਜੌਰਡਨ ਨੋਬਲ (31) ਵਜੋਂ ਹੋਈ ਹੈ। -ਪੱਤਰ ਪ੍ਰੇਰਕ
ਸਾਊਦੀ ਪ੍ਰਿੰਸ ਦਾ ਅਮਰੀਕਾ ਦੌਰਾ
ਵਾਸ਼ਿੰਗਟਨ: ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਅਮਰੀਕਾ ਦੌਰੇ ’ਤੇ ਹਨ, ਜਿਨ੍ਹਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਵਾਗਤ ਕੀਤਾ ਜਾਵੇਗਾ। ਸਾਊਦੀ ਅਰਬ ਦੇ ਕੱਦਾਵਰ ਆਗੂ ਮੁਹੰਮਦ ਬਿਨ ਸਲਮਾਨ ਵਰ੍ਹਾ 2018 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਆ ਰਹੇ ਹਨ। ਦੱਸਣਯੋਗ ਹੈ ਕਿ 2018 ’ਚ ਸਾਊਦੀ ਏਜੰਟਾਂ ਨੇ ‘ਵਾਸ਼ਿੰਗਟਨ ਪੋਸਟ’ ਦੇ ਪੱਤਰਕਾਰ ਜਮਾਲ ਖਸ਼ੋਗੀ ਦਾ ਕਥਿਤ ਕਤਲ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਦੋਵਾਂ ਮੁਲਕਾਂ ਦੇ ਸਬੰਧਾਂ ਵਿਚਾਲੇ ਤਣਾਅ ਆਇਆ ਸੀ। ਹੁਣ ਕਤਲ ਦੇ ਸੱਤ ਸਾਲਾਂ ਬਾਅਦ ਪ੍ਰਿੰਸ ਮੁਹੰਮਦ ਦੇ ਅਮਰੀਕਾ ਪਹੁੰਚਣ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉਤਸ਼ਾਹ ਨਾਲ ਪ੍ਰਿੰਸ ਮੁਹੰਮਦ ਦਾ ਸਵਾਗਤ ਕੀਤਾ ਜਾਵੇਗਾ। ਇਸ ਮਗਰੋਂ ਦੋਵਾਂ ਮੁਲਕਾਂ ਦੇ ਆਪਸੀ ਸਬੰਧ ਮਜ਼ਬੂਤ ਹੋਣ ਦੀ ਉਮੀਦ ਹੈ। -ਏਪੀ
