ਜੈਸ਼ੰਕਰ ਵੱਲੋਂ ਭਾਰਤ-ਅਮਰੀਕਾ ਸਬੰਧਾਂ ਦੀ ਨਜ਼ਰਸਾਨੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ’ਚ ਭਾਰਤੀ ਕੌਂਸਲ ਜਨਰਲਾਂ ਦੀ ਕਾਨਫਰੰਸ ’ਚ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਅਤੇ ਪਰਵਾਸੀ ਭਾਰਤੀਆਂ ਨਾਲ ਸਬੰਧਤ ਸਰਗਰਮੀਆਂ ਨੂੰ ਦਿੱਤੀ ਜਾਣ ਵਾਲੀ ਹਮਾਇਤ ਦੀ ਨਜ਼ਰਸਾਨੀ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ, ‘‘ਭਾਰਤ-ਅਮਰੀਕਾ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਸਫ਼ਾਰਤਖਾਨਿਆਂ ਅਤੇ ਕੌਂਸਲੇਟਾਂ ਦੀ ਵਚਨਬੱਧਤਾ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ।’’ ਉਨ੍ਹਾਂ ਸ਼ੁੱਕਰਵਾਰ ਨੂੰ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ’ਚ ਹੋਏ ਕੌਂਸਲ ਜਨਰਲਾਂ ਦੀ ਕਾਨਫਰੰਸ ਦੀ ਅਗਵਾਈ ਕੀਤੀ। ਕਾਨਫਰੰਸ ’ਚ ਅਮਰੀਕਾ ’ਚ ਭਾਰਤੀ ਸਫ਼ੀਰ ਵਿਨੇ ਕਵਾਤੜਾ, ਵਾਸ਼ਿੰਗਟਨ ਡੀ ਸੀ ਸਥਿਤ ਭਾਰਤੀ ਸਫ਼ਾਰਤਖਾਨੇ ’ਚ ਡਿਪਟੀ ਚੀਫ ਆਫ ਮਿਸ਼ਨ ਨਾਮਗਿਆ ਖੰਪਾ ਦੇ ਨਾਲ ਨਾਲ ਅਟਲਾਂਟਾ, ਬੋਸਟਨ, ਸ਼ਿਕਾਗੋ, ਹਿਊਸਟਨ, ਲਾਸ ਏਂਜਲਸ, ਨਿਊਯਾਰਕ, ਸਾਂ ਫਰਾਂਸਿਸਕੋ ਅਤੇ ਸਿਆਟਲ ਸਥਿਤ ਭਾਰਤੀ ਕੌਂਸਲੇਟਾਂ ਦੇ ਸਾਰੇ ਸਫ਼ੀਰ ਹਾਜ਼ਰ ਸਨ। ਨਿਊਯਾਰਕ ’ਚ ਭਾਰਤੀ ਕੌਂਸਲੇਟ ਦੇ ਕੌਂਸਲ ਜਨਰਲ ਵਿਨੇ ਪ੍ਰਧਾਨ ਨੇ ‘ਐਕਸ’ ’ਤੇ ਕਿਹਾ ਕਿ ਜੈਸ਼ੰਕਰ ਦਾ ਸਵਾਗਤ ਕਰਨਾ ਸਨਮਾਨ ਦੀ ਗੱਲ ਹੈ। ਕੌਂਸਲੇਟ ਨੇ ਕਿਹਾ ਕਿ ਜੈਸ਼ੰਕਰ ਦਾ ਨਜ਼ਰੀਆ, ਮਾਰਗ ਦਰਸ਼ਨ ਅਤੇ ਅਗਵਾਈ ਭਾਰਤ-ਅਮਰੀਕਾ ਭਾਈਵਾਲੀ ਲਈ ਕੰਮ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।
