ਜੈਸ਼ੰਕਰ ਨੇ ਗੁਟੇਰੇਜ਼ ਨਾਲ ਮੁਲਾਕਾਤ ਕੀਤੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਥੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਮੌਜੂਦਾ ਆਲਮੀ ਪ੍ਰਬੰਧ ਅਤੇ ਬਹੁਲਵਾਦ ’ਤੇ ਪੈ ਰਹੇ ਅਸਰ ਨੂੰ ਲੈ ਕੇ ਉਨ੍ਹਾਂ ਦੇ ਮੁਲਾਂਕਣ ਨੂੰ ਅਹਿਮੀਅਤ ਦਿੰਦੇ ਹਨ। ਜੈਸ਼ੰਕਰ ਨੇ ਭਾਰਤ ਦੇ ਵਿਕਾਸ ਪ੍ਰਤੀ ਗੁਟੇਰੇਜ਼ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਪੋਸਟ ’ਚ ਗੁਟੇਰੇਜ਼ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਇਹ ਮੁਲਾਕਾਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਹੋਈ ਜਿਥੇ ਭਾਰਤ ਦੇ ਪੱਕੇ ਨੁਮਾਇੰਦੇ ਪੀ ਹਰੀਸ਼, ਉਪ ਸਥਾਈ ਪ੍ਰਤੀਨਿਧ ਯੋਜਨਾ ਪਟੇਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਜੈਸ਼ੰਕਰ ਨੇ ਆਸ ਜਤਾਈ ਕਿ ਗੁਟੇਰੇਜ਼ ਛੇਤੀ ਹੀ ਭਾਰਤ ਦੇ ਦੌਰੇ ’ਤੇ ਆਉਣਗੇ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਕੈਨੇਡਾ ’ਚ ਜੀ7 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਹਿੱਸਾ ਲਿਆ ਸੀ। ਉਨ੍ਹਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸਮੇਤ ਕਈ ਹੋਰ ਮੁਲਕਾਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਸੀ।
