‘ਅੰਗਰੇਜ਼ਾਂ ਨੇ ਨਹੀਂ ਸਗੋਂ ਭਾਰਤੀ ਫ਼ੌਜੀਆਂ ਨੇ ਸਾਨੂੰ ਓਟੋਮਨ ਤੋਂ ਕਰਵਾਇਆ ਸੀ ਆਜ਼ਾਦ’
ਇਜ਼ਰਾਇਲੀ ਸ਼ਹਿਰ ਹਾਈਫਾ ਨੇ ਅੱਜ ਸ਼ਹੀਦ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਮੇਅਰ ਯੋਨਾ ਯਾਹਵ ਨੇ ਕਿਹਾ ਕਿ ਸਕੂਲਾਂ ’ਚ ਇਤਿਹਾਸ ਦੀਆਂ ਕਿਤਾਬਾਂ ’ਚ ਸੁਧਾਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਨੂੰ ਓਟੋਮਨ ਸ਼ਾਸਨ ਤੋਂ ਆਜ਼ਾਦ ਕਰਾਉਣ ਵਾਲੇ ਅੰਗਰੇਜ਼ ਨਹੀਂ, ਸਗੋਂ ਭਾਰਤੀ ਫ਼ੌਜੀ ਸਨ। ਉਨ੍ਹਾਂ ਕਿਹਾ, ‘‘ਮੈਂ ਇਸੇ ਸ਼ਹਿਰ ’ਚ ਜੰਮਿਆ ਅਤੇ ਇਥੋਂ ਹੀ ਗਰੈਜੂਏਸ਼ਨ ਕੀਤੀ ਹੈ। ਸਾਨੂੰ ਲਗਾਤਾਰ ਇਹੋ ਦੱਸਿਆ ਜਾਂਦਾ ਸੀ ਕਿ ਸ਼ਹਿਰ ਨੂੰ ਅੰਗਰੇਜ਼ਾਂ ਨੇ ਆਜ਼ਾਦ ਕਰਵਾਇਆ ਸੀ। ਇਕ ਦਿਨ ਇਤਿਹਾਸ ਨਾਲ ਜੁੜੀ ਸੁਸਾਇਟੀ ਦਾ ਇਕ ਵਿਅਕਤੀ ਮੇਰੇ ਘਰ ਆਇਆ ਅਤੇ ਦੱਸਿਆ ਕਿ ਉਸ ਨੇ ਡੂੰਘੀ ਖੋਜ ਕੀਤੀ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਅੰਗਰੇਜ਼ਾਂ ਨੇ ਨਹੀਂ, ਸਗੋਂ ਭਾਰਤੀਆਂ ਨੇ ਇਸ ਸ਼ਹਿਰ ਨੂੰ ਆਜ਼ਾਦ ਕਰਵਾਇਆ ਸੀ।’’ ਉਨ੍ਹਾਂ ਇਹ ਟਿੱਪਣੀ ਸ਼ਹੀਦ ਫ਼ੌਜੀਆਂ ਦੇ ਭਾਰਤੀ ਕਬਰਿਸਤਾਨ ’ਚ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤੀ। ਪਹਿਲੀ ਵਿਸ਼ਵ ਜੰਗ ਦੌਰਾਨ ਨੇਜ਼ਿਆਂ ਅਤੇ ਤਲਵਾਰਾਂ ਨਾਲ ਲੈਸ ਭਾਰਤੀ ਘੋੜਸਵਾਰ ਰੈਜੀਮੈਂਟ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਮਾਊਂਟ ਕਾਰਮਲ ਦੀ ਚਟਾਨੀ ਪਹਾੜੀਆਂ ਤੋਂ ਓਟੋਮਨ ਦੀ ਫ਼ੌਜ ਨੂੰ ਖਦੇੜ ਕੇ ਸ਼ਹਿਰ ਨੂੰ ਆਜ਼ਾਦ ਕਰਵਾਇਆ ਸੀ। ਭਾਰਤੀ ਫ਼ੌਜ ਹਰ ਸਾਲ 23 ਸਤੰਬਰ ਨੂੰ ਹਾਈਫਾ ਦਿਵਸ ਵਜੋਂ ਮਨਾਉਂਦੀ ਹੈ ਤਾਂ ਜੋ ਤਿੰਨ ਬਹਾਦਰ ਭਾਰਤੀ ਘੁੜਸਵਾਰ ਰੈਜੀਮੈਂਟਾਂ ਮੈਸੂਰ, ਹੈਦਰਾਬਾਦ ਅਤੇ ਜੋਧਪੁਰ ਲਾਂਸਰਸ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਇਜ਼ਰਾਈਲ ’ਚ ਭਾਰਤੀ ਸਫ਼ੀਰ ਜੇ ਪੀ ਸਿੰਘ ਨੇ ਕਿਹਾ ਕਿ ਇਹ ਪਹਿਲੀ ਜੰਗ ਸੀ ਜਦੋਂ ਘੁੜਸਵਾਰ ਰੈਜੀਮੈਂਟ ਨੇ ਕਿਸੇ ਸ਼ਹਿਰ ’ਤੇ ਕਬਜ਼ਾ ਕੀਤਾ ਸੀ। -ਪੀਟੀਆਈ
ਆਰਡਰ ਆਫ਼ ਮੈਰਿਟ ਅਤੇ ਮਿਲਟਰੀ ਕਰੌਸ ਨਾਲ ਸਨਮਾਨਿਤ ਹੋ ਚੁੱਕੇ ਨੇ ਫ਼ੌਜੀ
ਜੰਗ ’ਚ ਬਹਾਦਰੀ ਦਿਖਾਉਣ ਲਈ ਕੈਪਟਨ ਅਮਨ ਸਿੰਘ ਬਹਾਦਰ ਅਤੇ ਦਫ਼ਾਦਾਰ ਜ਼ੋਰ ਸਿੰਘ ਨੂੰ ਇੰਡੀਅਨ ਆਰਡਰ ਆਫ਼ ਮੈਰਿਟ ਅਤੇ ਕੈਪਟਨ ਅਨੂਪ ਸਿੰਘ ਤੇ ਸੈਕਿੰਡ ਲੈਫ਼ਟੀਨੈਂਟ ਸਾਗਤ ਸਿੰਘ ਨੂੰ ਮਿਲਟਰੀ ਕਰੌਸ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਈਫਾ ਦੇ ਨਾਇਕ ਵਜੋਂ ਮਸ਼ਹੂਰ ਰਹੇ ਮੇਜਰ ਦਲਪਤ ਸਿੰਘ ਨੂੰ ਮਿਲਟਰੀ ਕਰੌਸ ਨਾਲ ਸਨਮਾਨਿਆ ਗਿਆ ਸੀ। ਜੰਗ ’ਚ ਜੋਧਪੁਰ ਲਾਂਸਰਸ ਦੇ ਅੱਠ ਜਵਾਨ ਸ਼ਹੀਦ ਹੋਏ ਸਨ ਅਤੇ 34 ਹੋਰ ਜ਼ਖ਼ਮੀ ਹੋਏ ਸਨ ਪਰ ਉਨ੍ਹਾਂ 700 ਤੋਂ ਵੱਧ ਵਿਅਕਤੀਆਂ ਨੂੰ ਬੰਦੀ ਬਣਾਇਆ ਸੀ ਅਤੇ 11 ਮਸ਼ੀਨ ਗੰਨਾਂ ਸਮੇਤ ਹੋਰ ਹਥਿਆਰ ਖੋਹ ਲਏ ਸਨ। -ਪੀਟੀਆਈ