ਰੂਸ ਨਾਲ ਸੌਦਾ ਕਰਨ ਵਾਲੇ ਦੇਸ਼ਾਂ ’ਤੇ ਟੈਰਿਫ ਲਾਉਣਾ ਸਹੀ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨਾਲ ਸੌਦਾ ਕਰਨ ਵਾਲੇ ਦੇਸ਼ਾਂ ’ਤੇ ਟੈਰਿਫ (ਟੈਕਸ) ਲਾਉਣਾ ‘ਸਹੀ ਵਿਚਾਰ’ ਹੈ। ਉਨ੍ਹਾਂ ਹਾਲਾਂਕਿ ਇਸ ਦੌਰਾਨ ਭਾਰਤ ਦਾ ਨਾਂ ਨਹੀਂ ਲਿਆ। ਉਨ੍ਹਾਂ ਅਮਰੀਕਾ ਤੇ ਯੂਰਪੀ ਯੂਨੀਅਨ ਵੱਲੋਂ ਰੂਸ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦੇ ਕਦਮਾਂ ਦਾ ਵੀ ਸਵਾਗਤ ਕੀਤਾ ਹੈ। ਜ਼ੇਲੈਂਸਕੀ ਨੇ ਬੀਤੇ ਦਿਨ ਏਬੀਸੀ ਨਿਊਜ਼ ਦੇ ਪ੍ਰੋਗਰਾਮ ’ਚ ਇੰਟਰਵਿਊ ਦੌਰਾਨ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇਸ਼ਾਂ ’ਤੇ ਟੈਰਿਫ ਲਾਉਣ ਦਾ ਵਿਚਾਰ ਸਹੀ ਹੈ ਜੋ ਰੂਸ ਨਾਲ ਸੌਦੇ ਕਰਨਾ ਜਾਰੀ ਰੱਖ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਸਹੀ ਵਿਚਾਰ ਹੈ।’ ਜ਼ੇਲੈਂਸਕੀ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਤਿਆਨਜਿਨ ’ਚ ਐੱਸ ਸੀ ਓ ਸਿਖਰ ਸੰਮੇਲਨ ’ਚ ਮੋਦੀ, ਪੂਤਿਨ ਤੇ ਜਿਨਪਿੰਗ ਦੀਆਂ ਤਸਵੀਰਾਂ ਦੇਖ ਕੇ ਪਾਬੰਦੀਆਂ ਲਾਉਣ ਦੀ ਉਨ੍ਹਾਂ ਦੀ ਯੋਜਨਾ ਪੁੱਠੀ ਪੈ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਵਸਤਾਂ ’ਤੇ ਟੈਰਿਫ ਦੁੱਗਣਾ ਕਰਕੇ 50 ਫੀਸਦ ਕਰ ਦਿੱਤਾ ਹੈ ਜਿਸ ’ਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਕਰਨ ’ਤੇ 25 ਫੀਸਦ ਵਾਧੂ ਟੈਕਸ ਵੀ ਸ਼ਾਮਲ ਹੈ। ਜ਼ੇਲੈਂਸਕੀ ਨੇ ਰੂਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦਾ ਸਵਾਗਤ ਕੀਤਾ ਜਿਨ੍ਹਾਂ ’ਚ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ’ਤੇ ਪਾਬੰਦੀਆਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰੂਸ ਹਮਲੇ ਤੇਜ਼ ਕਰਕੇ ਯੂਕਰੇਨ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।