ਗਾਜ਼ਾ ’ਚ ਹਮਲੇ ਤੇਜ਼ ਕਰਨ ਲਈ ਇਜ਼ਰਾਇਲੀ ਫੌਜਾਂ ਦੀ ਲਾਮਬੰਦੀ
ਇਜ਼ਰਾਈਲ ਨੇ ਗਾਜ਼ਾ ਵਿੱਚ ਹਮਲਿਆਂ ਦਾ ਘੇਰਾ ਵਧਾਉਣ ਦੀ ਆਪਣੀ ਯੋਜਨਾ ਤਹਿਤ ਅੱਜ ਹਜ਼ਾਰਾਂ ਰਿਜ਼ਰਵ ਸੈਨਿਕਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਇਸ ਯੋਜਨਾ ਦੀ ਇਜ਼ਰਾਈਲ ਅਤੇ ਵਿਦੇਸ਼ਾਂ ਵਿੱਚ ਨਿੰਦਾ ਹੋ ਰਹੀ ਹੈ। ਉਧਰ, ਇਜ਼ਰਾਈਲ ਵੱਲੋਂ ਸੋਮਵਾਰ ਨੂੰ ਗਾਜ਼ਾ ਪੱਟੀ ਵਿੱਚ ਹਵਾਈ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ 31 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਅੱਧੇ ਤੋਂ ਵੱਧ ਔਰਤਾਂ ਤੇ ਬੱਚੇ ਹਨ।
ਇਜ਼ਰਾਈਲ ਨੇ ਪਿਛਲੇ ਮਹੀਨੇ ਰਿਜ਼ਰਵ ਸੈਨਿਕਾਂ ਦੀ ਲਾਮਬੰਦੀ ਦਾ ਐਲਾਨ ਕੀਤਾ ਸੀ। ਸੈਨਿਕਾਂ ਨੂੰ ਅਜਿਹੇ ਸਮੇਂ ਲਾਮਬੰਦ ਕੀਤਾ ਜਾ ਰਿਹਾ ਹੈ ਜਦੋਂ ਥਲ ਸੈਨਾ ਅਤੇ ਹਵਾਈ ਸੈਨਾ ਉੱਤਰੀ ਤੇ ਕੇਂਦਰੀ ਗਾਜ਼ਾ ਵਿੱਚ ਬਾਕੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਨ੍ਹਾਂ ਵਿੱਚ ਪੱਛਮੀ ਗਾਜ਼ਾ ਸ਼ਹਿਰ ਦੇ ਨਾਲ ਲੱਗਦੇ ਦੋ ਇਲਾਕੇ ਜ਼ੈਤੂਨ ਅਤੇ ਸ਼ਿਜਈਆ ਸ਼ਾਮਲ ਹਨ। ਇਜ਼ਰਾਇਲੀ ਫੌਜ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਿਜ਼ਰਵ ਸੈਨਿਕਾਂ ਨੂੰ ਬੁਲਾਉਣ ਦੀ ਪ੍ਰਕਿਰਿਆ ਪੜਾਅਵਾਰ ਕੀਤੀ ਜਾਵੇਗੀ ਅਤੇ ਕੁੱਲ 60 ਹਜ਼ਾਰ ਸੈਨਿਕਾਂ ਨੂੰ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਤਾਇਨਾਤ 20 ਹਜ਼ਾਰ ਸੈਨਿਕਾਂ ਦੀ ਸੇਵਾਮੁਕਤੀ ਦੀ ਮਿਆਦ ਵੀ ਵਧਾਈ ਜਾਵੇਗੀ। ਉਧਰ, ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਅਗਸਤ ਵਿੱਚ ਭੁੱਖਮਰੀ ਕਾਰਨ ਕੁੱਲ 186 ਮੌਤਾਂ ਹੋ ਗਈਆਂ। ਮੰਤਰਾਲੇ ਅਨੁਸਾਰ, ਜੰਗ ਵਿੱਚ ਕੁੱਲ 63,557 ਫਲਸਤੀਨੀ ਮਾਰੇ ਗਏ, ਜਦੋਂਕਿ 1,60,660 ਜ਼ਖਮੀ ਹੋਏ ਹਨ।