ਗਾਜ਼ਾ ’ਚ ਵਸਤਾਂ ਦੇ ਸੀਮਤ ਦਾਖ਼ਲੇ ਦੀ ਆਗਿਆ ਦੇਵੇਗਾ ਇਜ਼ਰਾਈਲ
ਇਜ਼ਰਾਈਲ ਦਾ ਕਿਹਾ ਕਿ ਉਹ ਸਥਾਨਕ ਵਪਾਰੀਆਂ ਰਾਹੀਂ ਗਾਜ਼ਾ ਵਿੱਚ ਵਸਤਾਂ ਦੀ ਹੌਲੀ-ਹੌਲੀ ਅਤੇ ਸੀਮਤ ਦਾਖ਼ਲੇ ਦੀ ਆਗਿਆ ਦੇਵੇਗਾ। ਸਹਾਇਤਾ ਸਬੰਧੀ ਤਾਲਮੇਲ ਕਰਨ ਵਾਲੀ ਇਜ਼ਰਾਇਲੀ ਫੌਜੀ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਆਲਮੀ ਨਿਗਰਾਨਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਭੁੱਖਮਰੀ ਫੈਲਣ ਦਾ ਖਦਸ਼ਾ ਹੈ, ਜਿਸ ਦਾ ਅਸਰ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ’ਤੇ ਪੈ ਰਿਹਾ ਹੈ। ਉਧਰ, ਹਮਾਸ ਨੇ ਕਿਹਾ ਕਿ ਜੇ ਇਜ਼ਰਾਈਲ ਮਾਨਵੀ ਲਾਂਘੇ ਨੂੰ ਪੱਕੇ ਤੌਰ ’ਤੇ ਖੋਲ੍ਹ ਦਿੰਦਾ ਹੈ ਅਤੇ ਸਹਾਇਤਾ ਸਮੱਗਰੀ ਵੰਡਣ ਦੌਰਾਨ ਹਵਾਈ ਹਮਲਿਆਂ ਨੂੰ ਰੋਕ ਦਿੰਦਾ ਹੈ ਤਾਂ ਉਹ ਗਾਜ਼ਾ ਵਿੱਚ ਬੰਦੀਆਂ ਨੂੰ ਸਹਾਇਤਾ ਪਹੁੰਚਾਉਣ ਲਈ ਰੈੱਡ ਕਰਾਸ ਨਾਲ ਤਾਲਮੇਲ ਲਈ ਤਿਆਰ ਹੈ।
ਇਜ਼ਰਾਇਲੀ ਏਜੰਸੀ ਸੀਓਜੀਏਟੀ ਨੇ ਕਿਹਾ ਕਿ ਕੈਬਨਿਟ ਨੇ ਮਨੁੱਖੀ ਸਹਾਇਤਾ ਦਾ ਘੇਰਾ ਵਧਾਉਣ ਸਬੰਧੀ ਵਿਧੀ ਨੂੰ ਮਨਜ਼ੂਰੀ ਦਿੱਤੀ ਹੈ, ਤਾਂ ਜੋ ਨਿੱਜੀ ਖੇਤਰ ਰਾਹੀਂ ਗਾਜ਼ਾ ਵਿੱਚ ਸਪਲਾਈ ਕੀਤੀ ਜਾ ਸਕੇ। ਏਜੰਸੀ ਨੇ ਕਿਹਾ ਕਿ ਮਨਜ਼ੂਰਸ਼ੁਦਾ ਸਾਮਾਨ ਵਿੱਚ ਬੁਨਿਆਦੀ ਖੁਰਾਕੀ ਵਸਤਾਂ, ਬੱਚਿਆਂ ਦੀ ਖ਼ੁਰਾਕ, ਫਲ ਤੇ ਸਬਜ਼ੀਆਂ ਅਤੇ ਮੈਡੀਕਲ ਸਪਲਾਈ ਸ਼ਾਮਲ ਹੈ। ਏਜੰਸੀ ਨੇ ਕਿਹਾ, ‘‘ਇਸਦਾ ਮਕਸਦ ਗਾਜ਼ਾ ਪੱਟੀ ਵਿੱਚ ਪਹੁੰਚਣ ਵਾਲੀ ਸਹਾਇਤਾ ਦੀ ਮਾਤਰਾ ਵਧਾਉਣਾ ਅਤੇ ਸੰਯੁਕਤ ਰਾਸ਼ਟਰ ਤੇ ਕੌਮਾਂਤਰੀ ਸੰਗਠਨਾਂ ਦੇ ਸਹਾਇਤਾ ਕੇਂਦਰ ’ਤੇ ਨਿਰਭਰਤਾ ਘਟਾਉਣਾ ਹੈ।’’ ਹਾਲਾਂਕਿ, ਗਾਜ਼ਾ ਵਿੱਚ ਵਿਆਪਕ ਤਬਾਹੀ ਦੇ ਮੱਦੇਨਜ਼ਰ ਇਹ ਸਪਸ਼ਟ ਨਹੀਂ ਕਿ ਸਹਾਇਤਾ ਮੁਹਿੰਮ ਕਿਵੇਂ ਕੰਮ ਕਰੇਗੀ।
ਫਲਸਤੀਨੀ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਵੀ ਲੋੜਾਂ ਨੂੰ ਪੂਰਾ ਕਰਨ ਲਈ ਗਾਜ਼ਾ ਨੂੰ ਰੋਜ਼ਾਨਾ ਲਗਪਗ 600 ਸਹਾਇਤਾ ਟਰੱਕਾਂ ਦੀ ਜ਼ਰੂਰਤ ਹੈ। ਬੱਚਿਆਂ ਸਮੇਤ ਭੁੱਖੇ ਫਲਸਤੀਨੀਆਂ ਦੀਆਂ ਤਸਵੀਰਾਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਦੁਨੀਆ ਨੂੰ ਚਿੰਤਤ ਕਰ ਦਿੱਤਾ ਹੈ। ਹਮਾਸ ਵੱਲੋਂ ਜਾਰੀ ਇੱਕ ਵੀਡੀਓ ਜਿਸ ਵਿੱਚ ਇੱਕ ਕਮਜ਼ੋਰ ਬੰਦੀ ਨਜ਼ਰ ਆ ਰਿਹਾ ਹੈ, ਕਾਰਨ ਪੱਛਮੀ ਤਾਕਤਾਂ ਦੀ ਤਿੱਖੀ ਆਲੋਚਨਾ ਹੋ ਰਹੀ ਹੈ।
ਕੈਨੇਡਾ ਨੇ ਪਹਿਲੀ ਵਾਰ ਮਾਨਵੀ ਸਹਾਇਤਾ ਜਹਾਜ਼ ਰਾਹੀਂ ਪਹੁੰਚਾਈ
ਓਟਵਾ: ਕੈਨੇਡਾ ਦੇ ਹਥਿਆਰਬੰਦ ਬਲਾਂ ਨੇ ਆਪਣੇ ਜਹਾਜ਼ਾਂ ਰਾਹੀਂ ਪਹਿਲੀ ਵਾਰ ਗਾਜ਼ਾ ਵਿੱਚ ਮਾਨਵੀ ਸਹਾਇਤਾ ਪਹੁੰਚਾਈ। ਸੀਬੀਸੀ ਨਿਊਜ਼ ਨੇ ਕਿਹਾ ਕਿ ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਮੁਤਾਬਕ ਹਵਾਈ ਮਾਰਗ ਰਾਹੀਂ ਫਲਸਤੀਨੀਆਂ ਲਈ 9800 ਕਿਲੋਗ੍ਰਾਮ ਸਹਾਇਤਾ ਸਮੱਗਰੀ ਭੇਜੀ ਗਈ। ਜਾਰਡਨ ਦੇ ਏਅਰਬੇਸ ਤੋਂ ਰਵਾਨਾ ਹੋਏ ਸੀਸੀ-130ਜੇ ਹਰਕੁਲੀਸ ਜਹਾਜ਼ ਰਾਹੀਂ ਦਾਲ, ਤੇਲ, ਦੁੱਧ ਪਾਊਡਰ ਅਤੇ ਪਾਸਤਾ ਵਰਗੀ ਖੁਰਾਕੀ ਸਮੱਗਰੀ ਪਹੁੰਚਾਈ ਗਈ ਹੈ। -ਏਐੱਨਆਈ