ਇਜ਼ਰਾਈਲ ਵੱਲੋਂ ਗਾਜ਼ਾ ’ਚ ਜੰਗ ਦਾ ਨਵਾਂ ਗੇੜ ਸ਼ੁਰੂ ਕਰਨ ਦੀ ਤਿਆਰੀ
ਇਜ਼ਰਾਈਲ, ਗਾਜ਼ਾ ਵਿੱਚ ਵੱਡੀ ਫ਼ੌਜੀ ਕਾਰਵਾਈ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜੋ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ। ਇਹ ਸਭ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਵਾਰਤਾਕਾਰ ਇਜ਼ਰਾਈਲ ਅਤੇ ਹਮਾਸ ਵਿਚਾਲੇ 22 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਵਾਉਣ ਲਈ ਜੰਗਬੰਦੀ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਦੇਸ਼ ਦੇ ਰੱਖਿਆ ਮੰਤਰੀ ਨੇ ਗਾਜ਼ਾ ਦੇ ਕੁਝ ਸਭ ਤੋਂ ਵੱਧ ਆਬਾਦੀ ਵਾਲੇ ਇਲਾਕਿਆਂ ਵਿੱਚ ਨਵੇਂ ਪੜਾਅ ਦੀ ਮੁਹਿੰਮ ਸ਼ੁਰੂ ਕਰਨ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਰਿਜ਼ਰਵ ਫ਼ੌਜੀ ਬਲ ਦੇ 60,000 ਜਵਾਨਾਂ ਨੂੰ ਸੱਦਿਆ ਜਾਵੇਗਾ ਅਤੇ ਪਹਿਲਾਂ ਤੋਂ ਸੇਵਾ ਕਰ ਰਹੇ 20,000 ਰਿਜ਼ਰਵ ਫ਼ੌਜੀਆਂ ਦੀ ਸੇਵਾ ਵੀ ਵਧਾਈ ਜਾਵੇਗੀ। ਇਸ ਤੋਂ ਇਲਾਵਾ, ਮਨੁੱਖੀ ਅਧਿਕਾਰ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿੱਚ ਮਾਨਵਤਾਵਾਦੀ ਸੰਕਟ ਹੋਰ ਵੀ ਬਦਤਰ ਹੋ ਸਕਦਾ ਹੈ, ਜਿੱਥੇ ਜ਼ਿਆਦਾਤਰ ਵਸਨੀਕ ਬੇਘਰ ਹੋ ਚੁੱਕੇ ਹਨ, ਵੱਡੇ-ਵੱਡੇ ਮੁਹੱਲੇ ਤਬਾਹ ਹੋ ਚੁੱਕੇ ਹਨ ਅਤੇ ਭਾਈਚਾਰੇ ਅਕਾਲ ਦਾ ਸਾਹਮਣਾ ਕਰ ਰਹੇ ਹਨ।
ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਫ਼ੌਜ ਗਾਜ਼ਾ ਸਿਟੀ ਦੇ ਉਨ੍ਹਾਂ ਹਿੱਸਿਆਂ ਵਿੱਚ ਕੰਮ ਕਰੇਗੀ, ਜਿੱਥੇ ਇਜ਼ਰਾਇਲੀ ਫ਼ੌਜ ਨਹੀਂ ਪਹੁੰਚੀ ਅਤੇ ਜਿੱਥੇ ਮੰਨਿਆ ਜਾਂਦਾ ਹੈ ਕਿ ਹਮਾਸ ਸਰਗਰਮ ਹੈ। ਅਧਿਕਾਰੀ ਨੇ ਕਿਹਾ ਕਿ ਇਜ਼ਰਾਇਲੀ ਫ਼ੌਜੀ ਪਹਿਲਾਂ ਹੀ ਗਾਜ਼ਾ ਸਿਟੀ ਦੇ ਜ਼ੈਤੂਨ ਅਤੇ ਜਬਾਲੀਆ ਇਲਾਕਿਆਂ ਵਿੱਚ ਅਗਲੀ ਕਾਰਵਾਈ ਲਈ ਜ਼ਮੀਨ ਤਿਆਰ ਕਰ ਰਹੇ ਹਨ। ਇਸ ਮੁਹਿੰਮ ਨੂੰ ਅਗਲੇ ਕੁਝ ਦਿਨਾਂ ਵਿੱਚ ਚੀਫ਼ ਆਫ਼ ਸਟਾਫ਼ ਵੱਲੋਂ ਮਨਜ਼ੂਰੀ ਮਿਲਣ ਦੀ ਆਸ ਹੈ।
ਪੱਛਮੀ ਕੰਢੇ ਨੂੰ ਵੰਡਣ ਵਾਲੀ ਯੋਜਨਾ ਨੂੰ ਮਨਜ਼ੂਰੀ
ਤਲ ਅਵੀਵ: ਇਜ਼ਰਾਈਲ ਨੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਵਿਵਾਦਤ ਬਸਤੀ ਯੋਜਨਾ ਨੂੰ ਆਖਰੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਪੱਛਮੀ ਕੰਢੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਫਲਸਤੀਨੀਆਂ ਅਤੇ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਭਵਿੱਖ ਵਿੱਚ ਫਲਸਤੀਨੀ ਰਾਜ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਸਕਦੀ ਹੈ। 20 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਯੇਰੂਸ਼ਲਮ ਦੇ ਪੂਰਬ ਵਿੱਚ ਖੁੱਲ੍ਹੇ ਖੇਤਰ ਈ-1 ਵਿੱਚ ਬਸਤੀ ਬਣਾਉਣ ਦੀ ਯੋਜਨਾ ’ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਪਿਛਲੀਆਂ ਅਮਰੀਕੀ ਸਰਕਾਰਾਂ ਦੇ ਦਬਾਅ ਕਾਰਨ ਇਹ ਕੰਮ ਰੁਕਿਆ ਹੋਇਆ ਸੀ। ਇਸ ਯੋਜਨਾ ਨੂੰ ਅੱਜ ਯੋਜਨਾ ਤੇ ਇਮਾਰਤ ਕਮੇਟੀ ਤੋਂ ਆਖਰੀ ਮਨਜ਼ੂਰੀ ਮਿਲੀ, ਜਦੋਂ 6 ਅਗਸਤ ਨੂੰ ਇਸ ਦੇ ਖ਼ਿਲਾਫ਼ ਆਖਰੀ ਅਪੀਲਾਂ ਵੀ ਖਾਰਜ ਕਰ ਦਿੱਤੀਆਂ ਗਈਆਂ ਸਨ। ਜੇ ਕੰਮ ਤੇਜ਼ੀ ਨਾਲ ਹੋਇਆ, ਤਾਂ ਕੁਝ ਮਹੀਨਿਆਂ ਵਿੱਚ ਹੀ ਬੁਨਿਆਦੀ ਢਾਂਚੇ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਲਗਪਗ ਇੱਕ ਸਾਲ ਵਿੱਚ ਘਰਾਂ ਦੀ ਉਸਾਰੀ ਵੀ ਸ਼ੁਰੂ ਹੋ ਜਾਵੇਗੀ। ਪਿਛਲੇ ਵੀਰਵਾਰ ਨੂੰ ਇਸ ਥਾਂ ’ਤੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੱਟੜ ਸੱਜੇਪੱਖੀ ਵਿੱਤ ਮੰਤਰੀ ਬੇਜ਼ਾਲੇਲ ਸਮੋਤ੍ਰਿਚ ਨੇ ਕਿਹਾ ਕਿ ਇਸ ਯੋਜਨਾ ਵਿੱਚ ਮਾਲੇ ਅਦੁਮਿਮ ਨਾਮ ਦੀ ਬਸਤੀ ਦਾ ਵਿਸਥਾਰ ਕਰਨ ਲਈ ਲਗਪਗ 3,500 ਅਪਾਰਟਮੈਂਟ ਸ਼ਾਮਲ ਹਨ। -ਏਪੀ