ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਵੱਡੇ ਪੱਧਰ ’ਤੇ ਫੌਜੀ ਅਪਰੇਸ਼ਨ ਸ਼ੁਰੂ
ਇਜ਼ਰਾਈਲ ਨੇ ਗਾਜ਼ਾ ਸਿਟੀ ਵਿੱਚ ਵੱਡੇ ਪੱਧਰ ’ਤੇ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਦੱਖਣ ਵੱਲ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸਨੇ ਹਮਾਸ ਦੇ ਫੌਜੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਲਈ ਅਪਰੇਸ਼ਨ ਤੇਜ਼ ਕਰ ਦਿੱਤਾ ਹੈ। ਇਜ਼ਰਾਈਲ ਦੀ ਅਰਬੀ ਭਾਸ਼ਾ ਦੇ ਬੁਲਾਰੇ ਅਵੀਚੇਅ ਅਦਰਾਈ ਨੇ ਅੱਜ ਸਵੇਰੇ ‘ਐਕਸ’ ’ਤੇ ਇਜ਼ਰਾਇਲੀ ਫੌਜੀ ਅਪਰੇਸ਼ਨ ਦਾ ਘੇਰਾ ਵਧਾਉਣ ਦਾ ਐਲਾਨ ਕੀਤਾ। ਉੱਤਰੀ ਗਾਜ਼ਾ ਵਿੱਚ ਪੂਰੀ ਰਾਤ ਹੋਏ ਜ਼ਬਰਦਸਤ ਹਮਲੇ ਵਿੱਚ ਘੱਟੋ-ਘੱਟ 20 ਜਣੇ ਮਾਰੇ ਗਏ। ਗਾਜ਼ਾ ਸਿਟੀ ਵਿੱਚ ਵੱਡਾ ਅਪਰੇਸ਼ਨ ਸ਼ੁਰੂ ਕਰਨ ਤੋਂ ਮਹੀਨਾ ਪਹਿਲਾਂ ਇਜ਼ਰਾਈਲ ਸਥਾਨਕ ਲੋਕਾਂ ਨੂੰ ਉੱਥੋਂ ਚਲੇ ਜਾਣ ਲਈ ਆਖ ਰਿਹਾ ਹੈ। ਹਾਲਾਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਗਾਜ਼ਾ ਦੇ ਦੱਖਣ ਵਿੱਚ ਭਾਰੀ ਭੀੜ ਅਤੇ ਆਵਾਜਾਈ ਮਹਿੰਗੀ ਹੋਣ ਕਾਰਨ ਉਹ ਗਾਜ਼ਾ ਸਿਟੀ ਨੂੰ ਖਾਲੀ ਕਰਨ ਵਿੱਚ ਅਸਮਰੱਥ ਹਨ।
ਉਧਰ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵੱਲੋਂ ਨਿਯੁਕਤ ਸੁਤੰਤਰ ਮਾਹਿਰਾਂ ਦੀ ਇੱਕ ਟੀਮ ਨੇ ਅੱਜ ਜਾਰੀ ਰਿਪੋਰਟ ਵਿੱਚ ਕਿਹਾ ਕਿ ਇਜ਼ਰਾਈਲ ਗਾਜ਼ਾ ਵਿੱਚ ਨਸਲਕੁਸ਼ੀ ਕਰ ਰਿਹਾ ਹੈ। ਟੀਮ ਨੇ ਕੌਮਾਂਤਰੀ ਭਾਈਚਾਰੇ ਨੂੰ ਇਸ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ। ਗਾਜ਼ਾ ਵਿੱਚ ਹਮਾਸ ਖ਼ਿਲਾਫ਼ ਇਜ਼ਰਾਈਲ ਦੇ ਹਮਲਿਆਂ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਹਨ।
ਗਾਜ਼ਾ ਸੜ ਰਿਹਾ ਹੈ: ਇਜ਼ਰਾਇਲੀ ਰੱਖਿਆ ਮੰਤਰੀ
ਯੇਰੂਸ਼ਲਮ: ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਗਾਜ਼ਾ ਸਿਟੀ ’ਤੇ ਪੂਰੀ ਰਾਤ ਹੋਏ ਜ਼ਬਰਦਸਤ ਹਮਲਿਆਂ ਮਗਰੋਂ ਅੱਜ ਕਿਹਾ ਕਿ ਗਾਜਾ ਸੜ ਰਿਹਾ ਹੈ। ਇਸ ਦੌਰਾਨ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਵੀ ਸੰਕੇਤ ਦਿੱਤਾ ਕਿ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਕਾਟਜ਼ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕਤਰ ਦੇ ਦੌਰੇ ਦੀ ਤਿਆਰੀ ’ਚ ਹਨ, ਜਿੱਥੇ ਉਹ ਉੱਥੋਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਹ ਅਧਿਕਾਰੀ ਪਿਛਲੇ ਹਫ਼ਤੇ ਇਜ਼ਰਾਈਲ ਵੱਲੋਂ ਕੀਤੇ ਹਮਲੇ ’ਤੇ ਹਾਲੇ ਵੀ ਨਾਰਾਜ਼ ਹਨ। ਇਸ ਹਮਲੇ ਵਿੱਚ ਹਮਾਸ ਦੇ ਪੰਜ ਮੈਂਬਰ ਅਤੇ ਇੱਕ ਸਥਾਨਕ ਸੁਰੱਖਿਆ ਅਧਿਕਾਰੀ ਮਾਰੇ ਗਏ ਸਨ। ਅਰਬ ਅਤੇ ਮੁਸਲਿਮ ਦੇਸ਼ਾਂ ਨੇ ਸੋਮਵਾਰ ਨੂੰ ਸਿਖਰ ਸੰਮੇਲਨ ਵਿੱਚ ਇਸ ਹਮਲੇ ਦੀ ਨਿਖੇਧੀ ਕੀਤੀ ਪਰ ਉਨ੍ਹਾਂ ਨੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਕੋਈ ਵੱਡੀ ਕਾਰਵਾਈ ਕਰਨ ਬਾਰੇ ਗੱਲ ਨਹੀਂ ਕੀਤੀ। -ਏਪੀ