ਇਜ਼ਰਾਈਲ: ਬੰਧਕਾਂ ਦੀ ਰਿਹਾਈ ਲਈ ਪ੍ਰਦਰਸ਼ਨ
ਗਾਜ਼ਾ ਵਿੱਚ ਬੰਧਕ ਬਣਾਏ ਗਏ ਇਜ਼ਰਾਈਲ ਦੇ ਲੋਕਾਂ ਦੇ ਪਰਿਵਾਰਾਂ ਨੇ ਅੱਜ ਦੇਸ਼ ਵਿਆਪੀ ਹੜਤਾਲ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੁਡਵਾਉਣ ਲਈ ਸਰਕਾਰ ਤੋਂ ਮਦਦ ਮੰਗੀ। ਇਸ ਪ੍ਰਦਰਸ਼ਨ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਕਾਰੋਬਾਰ ਬੰਦ ਹੋ ਗਏ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲੀਸ ਨੇ 32 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ।
ਪ੍ਰਦਰਸ਼ਨ ਦੀ ਅਗਵਾਈ ਉਨ੍ਹਾਂ ਦੋ ਪਰਿਵਾਰਾਂ ਨੇ ਕੀਤੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਾਜ਼ਾ ਵਿੱਚ ਮਾਰੇ ਜਾ ਚੁੱਕੇ ਹਨ। ਬੀਤੇ ਦਿਨੀਂ ਅਤਿਵਾਦੀ ਗਰੁੱਪਾਂ ਨੇ ਬੰਧਕਾਂ ਦੀ ਵੀਡੀਓ ਜਾਰੀ ਕੀਤੀ ਸੀ ਅਤੇ ਮਗਰੋਂ ਇਜ਼ਰਾਈਲ ਨੇ ਵੀ ਇੱਕ ਨਵੇਂ ਹਮਲੇ ਦੀ ਯੋਜਨਾ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨਕਾਰੀ ਚਿੰਤਤ ਹਨ ਕਿ ਇਜ਼ਰਾਇਲੀ ਫੌਜ ਦਾ ਨਵਾਂ ਹਮਲਾ ਬਾਕੀ ਬਚੇ ਬੰਧਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਸਕਦਾ ਹੈ।
ਉਨ੍ਹਾਂ ਅਨੁਸਾਰ ਗਾਜ਼ਾ ਵਿੱਚ 50 ਬੰਧਕ ਹਨ, ਜਿਨ੍ਹਾਂ ’ਚੋਂ ਸਿਰਫ 20 ਦੇ ਹੀ ਜਿਊਂਦੇ ਹੋਣ ਦੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜੀ ਕਾਰਵਾਈਆਂ ਨਾਲ ਬੰਧਕ ਵਾਪਸ ਨਹੀਂ ਆਉਣਗੇ, ਸਗੋਂ ਉਨ੍ਹਾਂ ਦੀ ਵੀ ਮੌਤ ਹੋ ਜਾਵੇਗੀ। ਵਿੱਤ ਮੰਤਰੀ ਬੇਜ਼ਾਲੇਲ ਸਮੋਟ੍ਰਿਚ ਅਤੇ ਕੌਮੀ ਸੁਰੱਖਿਆ ਮੰਤਰੀ ਇਤਮਾਰ ਬੇਨ-ਗਵੀਰ ਨੇ ਹੜਤਾਲ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਹਮਾਸ ਮਜ਼ਬੂਤ ਹੋਵੇਗਾ।