ਇਜ਼ਰਾਈਲ ਨੇ 15 ਫਲਸਤੀਨੀਆਂ ਦੀਆਂ ਦੇਹਾਂ ਮੋੜੀਆਂ
ਇਜ਼ਰਾਈਲ ਨੇ ਅੱਜ ਗਾਜ਼ਾ ਨੂੰ 15 ਫਲਸਤੀਨੀਆਂ ਦੀਆਂ ਦੇਹਾਂ ਮੋੜ ਦਿੱਤੀਆਂ ਹਨ। ਇਹ ਜਾਣਕਾਰੀ ਅੱਜ ਗਾਜ਼ਾ ਪੱਟੀ ਵਿੱਚ ਸਥਿਤ ਇਕ ਹਸਪਤਾਲ ਦੇ ਅਧਿਕਾਰੀਆਂ ਨੇ ਦਿੱਤੀ। ਇਸ ਤੋਂ ਇੱਕ ਦਿਨ ਪਹਿਲਾਂ ਅਤਿਵਾਦੀਆਂ ਨੇ ਦੋ ਸਾਲਾਂ ਦੀ ਜੰਗ ਵਿੱਚ ਨਾਜ਼ੁਕ ਜੰਗਬੰਦੀ ਸਮਝੌਤੇ ਦੀਆਂ ਸ਼ਰਤਾਂ ਤਹਿਤ ਇੱਕ ਇਜ਼ਰਾਇਲੀ ਬੰਦੀ ਦੀ ਦੇਹ ਇਜ਼ਰਾਈਲ ਨੂੰ ਮੋੜੀ ਸੀ।
ਇਹ ਅਦਲਾ-ਬਦਲੀ ਨਾਜ਼ੁਕ ਅਤੇ ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਲਈ ਇੱਕ ਹੋਰ ਸਫ਼ਲ ਕਦਮ ਹੈ। ਸਮਝੌਤੇ ਦੇ ਹਿੱਸੇ ਤਹਿਤ ਇਜ਼ਰਾਈਲ ਵੱਲੋਂ ਹਰੇਕ ਇਜ਼ਰਾਇਲੀ ਬੰਦੀ ਬਦਲੇ 15 ਫਲਸਤੀਨੀਆਂ ਦੀਆਂ ਦੇਹਾਂ ਵਾਪਸ ਕੀਤੀਆਂ ਜਾਣੀਆਂ ਹਨ। ਖਾਨ ਯੂਨਿਸ ਸ਼ਹਿਰ ਦੇ ਨਾਸਿਰ ਹਸਪਤਾਲ ਨੇ ਦੱਸਿਆ ਕਿ 15 ਦੇਹਾਂ ਉੱਥੇ ਲਿਆਂਦੀਆਂ ਗਈਆਂ ਸਨ। ਸ਼ੁੱਕਰਵਾਰ ਰਾਤ ਨੂੰ ਇਜ਼ਰਾਈਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ’ਤੇ ਕਿ ਇਜ਼ਰਾਈਲ ਨੂੰ ਮੋੜੀ ਗਈ ਲਾਸ਼ ਇੱਕ ਇਜ਼ਰਾਇਲੀ ਦੀ ਸੀ, ਤੋਂ ਤੁਰੰਤ ਬਾਅਦ 15 ਫ਼ਲਸਤੀਨੀਆਂ ਦੀਆਂ ਲਾਸ਼ਾਂ ਫਲਸਤੀਨ ਨੂੰ ਮੋੜੀਆਂ ਗਈਆਂ। ਫਲਸਤੀਨੀ ਲੜਾਕਿਆਂ ਵੱਲੋਂ ਇਜ਼ਰਾਈਲ ਨੂੰ ਮੋੜੀ ਗਈ ਲਾਸ਼ ਇਜ਼ਰਾਇਲੀ ਸੈਨਿਕ ਦੀ ਸੀ ਜੋ ਕਿ 7 ਅਕਤੂਬਰ 2023 ਦੇ ਹਮਲੇ ਵਿੱਚ ਹਮਾਸ ਨਾਲ ਲੜਦੇ ਹੋਏ ਮਾਰਿਆ ਗਿਆ ਸੀ।
ਇਜ਼ਰਾਈਲ-ਹਮਾਸ ਜੰਗ ’ਚ ਹੁਣ ਤੱਕ 69,000 ਤੋਂ ਵੱਧ ਫ਼ਲਸਤੀਨੀ ਹਲਾਕ
ਖਾਨ ਯੂਨਿਸ (ਗਾਜ਼ਾ ਪੱਟੀ): ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗ ਵਿੱਚ ਹੁਣ ਤੱਕ 69,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੇ ਬਾਅਦ ਤੋਂ ਮ੍ਰਿਤਕਾਂ ਦੀ ਗਿਣਤੀ 69,169 ਹੋ ਗਈ ਹੈ ਅਤੇ 1,70,685 ਜ਼ਖ਼ਮੀ ਹੋਏ ਹਨ। ਗਾਜ਼ਾ ਪੱਟੀ ਵਿੱਚ ਜੰਗਬੰਦੀ ਦੇ ਐਲਾਨ ਦੇ ਬਾਅਦ ਤੋਂ ਮਲਬੇ ਹੇਠਾਂ ਦੱਬੀਆਂ ਲਾਸ਼ਾਂ ਬਰਾਮਦ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਰਹੀ ਹੈ। -ਏਪੀ
