ਇਜ਼ਰਾਈਲ ਵੱਲੋਂ ਦੱਖਣੀ ਸੀਰੀਆ ’ਚ ਫ਼ੌਜ ਦੇ ਟੈਕਾਂ ’ਤੇ ਹਮਲਾ
ਇਜ਼ਰਾਇਲੀ ਫ਼ੌਜ ਨੇ ਦੱਖਣੀ ਸੀਰੀਆ ’ਚ ਮਿਲਟਰੀ ਟੈਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਇਜ਼ਰਾਇਲੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਹਮਲਾ ਉਸ ਜਗ੍ਹਾ ’ਤੇ ਕੀਤਾ ਗਿਆ ਜਿੱਥੇ ਸੀਰੀਆ ਦੇ ਸਰਕਾਰੀ ਬਲਾਂ ਅਤੇ ਬੇਦੌਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝੜਪਾਂ ਜਾਰੀ ਹਨ।
ਸੀਰੀਆ ਦੇ ਸਵੀਡਾ ਸੂਬੇ ਵਿੱਚ ਸਥਾਨਕ ਮਿਲੀਸ਼ੀਆ ਤੇ ਕਬੀਲਿਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਹੁਣ ਤੱਕ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ। ਸੋਮਵਾਰ ਨੂੰ ਸ਼ਾਂਤੀ ਬਹਾਲੀ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਬਲਾਂ ਨਾਲ ਝੜਪ ਹੋਈ ਸੀ।
ਸੀਰੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਹਿੰਸਾ ਵਿੱਚ ਹੁਣ ਤੱਕ 30 ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਲਗਪਗ 100 ਜ਼ਖ਼ਮੀ ਹੋਏ ਹਨ। ਜਦਕਿ ਯੂਕੇ ਆਧਾਰਿਤ ਸੀਰਿਆਈ ਮਨੁੱਖੀ ਅਧਿਕਾਰ ਨਿਗਰਾਨ (ਐੱਸਓਐੱਚਆਰ) ਨੇ 99 ਤੋਂ ਵੱਧ ਮੌਤਾਂ ਦੀ ਗੱਲ ਦੀ ਆਖੀ ਹੈ, ਜਿਨ੍ਹਾਂ ਵਿੱਚ ਦੋ ਬੱਚੇ, ਦੋ ਔਰਤਾਂ ਅਤੇ ਸੁਰੱਖਿਆ ਬਲਾਂ ਦੇ 14 ਮੈਂਬਰ ਸ਼ਾਮਲ ਹਨ।
ਐੱਸਓਐੱਚਆਰ ਨੇ ਕਿਹਾ ਕਿ ਸੀਰੀਆ ਵਿੱਚ ਪਹਿਲਾਂ ਇਹ ਝੜਪਾਂ ਦਰੂਜ਼ ਅਤੇ ਸੁੰਨੀ ਬੇਦੌਇਨ ਕਬੀਲਿਆਂ ਦੇ ਹਥਿਆਰਬੰਦ ਗੁਟਾਂ ਵਿਚਾਲੇ ਸ਼ੁਰੂ ਹੋਈਆਂ ਸਨ, ਜਿਸ ’ਚ ਸਰਕਾਰੀ ਸੁਰੱਖਿਆ ਬਲਾਂ ਦੇ ਕੁਝ ਮੈਂਬਰ ਬੇਦੌਇਨ ਦੀ ਹਮਾਇਤ ਕਰ ਰਹੇ ਹਨ। ਸੀਰਿਆਈ ਗ੍ਰਹਿ ਮੰਤਰਾਲੇ ਦੇ ਤਰਜਮਾਨ ਨੂਰੇਦੀਨ-ਅਲ-ਬਾਬਾ ਨੇ ਕਿਹਾ ਕਿ ਸਰਕਾਰੀ ਬਲ ਸ਼ਾਂਤੀ ਬਹਾਲੀ ਲਈ ਸਵੇਰ ਵੇਲੇ ਸਵੀਡਾ ’ਚ ਦਾਖਲ ਹੋਏ। ਉਨ੍ਹਾਂ ਨੇ ਸਰਕਾਰੀ ਅਲ-ਅਖਬਾਰੀਆ ਟੀਵੀ ਨੂੰ ਦੱਸਿਆ, ‘‘ਗ਼ੈਰਕਾਨੂੰਨੀ ਹਥਿਆਰਬੰਦ ਗੁਟਾਂ ਨਾਲ ਕੁਝ ਝੜਪਾਂ ਹੋਈਆਂ ਹਨ ਪਰ ਸਾਡੇ ਬਲ ਕਿਸੇ ਵੀ ਨਾਗਰਿਕ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। -ਏਪੀ
ਦਰੂਜ਼ਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗਾ: ਕੈਟਜ਼
ਇਜ਼ਰਾਈਲ ਦੇ ਰੱਖਿਆ ਮੰਤਰੀ ਕੈਟਜ਼ ਨੇ ਕਿਹਾ ਕਿ ਇਜ਼ਰਾਇਲੀ ਫ਼ੌਜ ਨੇ ਸੀਰੀਆ ’ਚ ਸਟੀਕ ਹਮਲਾ ਕੀਤਾ ਹੈ ਤਾਂ ਕਿ ਸੀਰਿਆਈ ਸ਼ਾਸਨ ਨੂੰ ਸਪੱਸ਼ਟ ਸੁਨੇਹਾ ਦਿੱੱਤਾ ਜਾ ਸਕੇ ਕਿ ਉਹ ਦਰੂਜ਼ਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਦੱਸਣਯੋਗ ਹੈ ਕਿ ਇਜ਼ਰਾਈਲ ਵਿੱਚ ਦਰੂਜ਼ਾਂ ਨੂੰ ਵਫ਼ਾਦਾਰ ਘੱਟਗਿਣਤੀ ਮੰਨਿਆ ਜਾਂਦਾ ਹੈ ਜੋ ਅਕਸਰ ਫ਼ੌਜ ਵਿੱਚ ਸੇਵਾਵਾਂ ਦਿੰਦੇ ਹਨ।