ਭਾਰਤ ਨੇ ਮੋਹਰੀ ਮਦਦਗਾਰ ਦੀ ਭੂਮਿਕਾ ਨਿਭਾਈ: ਸ੍ਰੀਲੰਕਾ
ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦੀਸਾਨਾਇਕੇ ਦੇ ਦਫ਼ਤਰ ਨੇ ਕਿਹਾ ਚੱਕਰਵਾਤੀ ਤੂਫ਼ਾਨ ਦਿਤਵਾ ਮਗਰੋਂ ਭਾਰਤ ਨੇ ਤੁਰੰਤ ਮਦਦ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਇਸ ਤੂਫ਼ਾਨ ’ਚ 400 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ।
ਰਾਸ਼ਟਰਪਤੀ ਦਫ਼ਤਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਅਨੁਰਾ ਕੁਮਾਰ ਦੀਸਾਨਾਇਕੇ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਅਤੇ ਦੁਹਰਾਇਆ ਕਿ ਭਾਰਤ ਇਸ ਮੁਸ਼ਕਲ ਸਮੇਂ ’ਚ ਸ੍ਰੀਲੰਕਾ ਤੇ ਉਸ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।’’ ਸ੍ਰੀ ਮੋਦੀ ਨੇ ਬੀਤੇ ਦਿਨ ਸ੍ਰੀ ਦੀਸਾਨਾਇਕੇ ਨਾਲ ਫੋਨ ’ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਚੱਕਰਵਾਤੀ ਤੂਫ਼ਾਨ ਦਿਤਵਾ ਕਾਰਨ ਪ੍ਰਭਾਵਿਤ ਖੇਤਰਾਂ ’ਚ ਮੁੜ ਵਸੇਬੇ ਦੀਆਂ ਕੋਸ਼ਿਸ਼ਾਂ ’ਚ ਲਗਾਤਾਰ ਮਦਦ ਦਾ ਭਰੋਸਾ ਦਿੱਤਾ ਸੀ। ਇਸ ਤੋਂ ਇਲਾਵਾ ਅੱਜ ਇਹ ਐਲਾਨ ਕੀਤਾ ਗਿਆ ਕਿ ਸ੍ਰੀਲੰਕਾ ਹੜ੍ਹ ਰਾਹਤ ਸਮੱਗਰੀ ਨੂੰ ਕਸਟਮ ਡਿਊਟੀ ਅਤੇ ਟੈਕਸ ਤੋਂ ਮੁਕਤ ਕਰੇਗਾ ਬਸ਼ਰਤੇ ਇਹ ਸਮੱਗਰੀ ਆਫ਼ਤ ਪ੍ਰਬੰਧਨ ਡਾਇਰੈਕਟਰ ਜਨਰਲ ਜਾਂ ਰੱਖਿਆ ਮੰਤਰਾਲੇ ਦੇ ਸਕੱਤਰ ਦੇ ਨਾਂ ਭੇਜੀ ਜਾਵੇ। ਸ੍ਰੀਲੰਕਾ ’ਚ ‘ਦਿਤਵਾ’ ਕਾਰਨ 14,66,615 ਲੋਕ ਪ੍ਰਭਾਵਿਤ ਹੋਏ ਹਨ।
ਨੌਂ ਮਹੀਨੇ ਦੀ ਗਰਭਵਤੀ ਨੂੰ ਸੁਰੱਖਿਅਤ ਕੱਢਿਆ
ਭਾਰਤੀ ਸੁਰੱਖਿਆ ਬਲਾਂ ਨੇ ਸ੍ਰੀਲੰਕਾ ’ਚ ਬਚਾਅ ਤੇ ਰਾਹਤ ਮੁਹਿੰਮ ਤੇਜ਼ ਕਰਦਿਆਂ ਨੌਂ ਮਹੀਨੇ ਦੀ ਗਰਭਵਤੀ ਮਹਿਲਾ ਨੂੰ ਸੁਰੱਖਿਆ ਸਥਾਨ ’ਤੇ ਪਹੁੰਚਾਇਆ ਤੇ ਉਸ ਨੂੰ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕੀਤੀ। ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪੋਸਟ ’ਚ ਦੱਸਿਆ ਕਿ ਪੁੱਟਲਮ ਜ਼ਿਲ੍ਹੇ ’ਚ ਮਹਿਲਾ ਨੂੰ ਐੱਨ ਡੀ ਆਰ ਐੱਫ ਨੇ ਸੁਰੱਖਿਆ ਕੱਢ ਲਿਆ। ਅਪਰੇਸ਼ਨ ਸਾਗਰ ਬੰਧੂ ਉਨ੍ਹਾਂ ਲਈ ਜਾਰੀ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਐੱਨ ਡੀ ਆਰ ਐੱਫ ਟੀਮਾਂ ਨੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਪੁੱਟਲਮ ਇਲਾਕੇ ’ਚ ਫਸੇ ਤਕਰੀਬਨ 800 ਲੋਕਾਂ ਤੱਕ ਭੋਜਨ ਅਤੇ ਹੋਰ ਜ਼ਰੂਰੀ ਸਮੱਗਰੀ ਪਹੁੰਚਾਈ।
