ਸਿਆਟਲ ’ਚ ਭਾਰਤੀ ਕੌਂਸੁਲੇਟ ਦੇ ਨਵੇਂ ਦਫ਼ਤਰ ਦਾ ਉਦਘਾਟਨ
ਅਮਰੀਕਾ ’ਚ ਭਾਰਤੀ ਸਫ਼ੀਰ ਵਿਨੈ ਕਵਾਤੜਾ ਨੇ ਸਿਆਟਲ ’ਚ ਭਾਰਤੀ ਕੌਂਸੁਲੇਟ ਜਨਰਲ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਹ ਦਫ਼ਤਰ ਇਤਿਹਾਸਕ ਫੈਡਰਲ ਰਿਜ਼ਰਵ ਇਮਾਰਤ ’ਚ 1015 ਸੈਕਿੰਡ ਐਵੇਨਿਊ ’ਚ ਸਥਿਤ ਹੈ। ਮੰਗਲਵਾਰ ਨੂੰ ਹੋਏ ਪ੍ਰੋਗਰਾਮ ਦੌਰਾਨ ਵਾਸ਼ਿੰਗਟਨ ਸੂਬੇ ਦੇ ਗਵਰਨਰ ਬੌਬ ਫਰਗੂਸਨ, ਅਮਰੀਕੀ ਸੈਨੇਟਰ ਮਾਰੀਆ ਕੈਂਟਵੈੱਲ ਅਤੇ ਸਿਆਟਲ ਮੇਅਰ ਬਰੂਸ ਹੈਰੇਲ ਹਾਜ਼ਰ ਸਨ। ਅਮਰੀਕਾ ’ਚ ਛੇਵੇਂ ਭਾਰਤੀ ਕੌਂਸੁਲੇਟ ਦੀ ਸਥਾਪਨਾ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ 2023 ’ਚ ਕੀਤਾ ਸੀ। ਮਿਸ਼ਨ ਨੇ ਨਵੰਬਰ 2023 ਤੋਂ ਇਕ ਆਰਜ਼ੀ ਟਿਕਾਣੇ ਤੋਂ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਜੁਲਾਈ 2024 ਤੋਂ 9 ਅਮਰੀਕੀ ਸੂਬਿਆਂ ਵਾਸ਼ਿੰਗਟਨ, ਓਰੇਗਨ, ਅਲਾਸਕਾ, ਮੋਂਟਾਨਾ, ਨੌਰਥ ਡਕੋਟਾ, ਸਾਊਥ ਡਕੋਟਾ, ਵਯੋਮਿੰਗ ਅਤੇ ਨੇਬਰਾਸਕਾ ’ਚ 23,722 ਅਰਜ਼ੀਕਾਰਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਦਫ਼ਤਰ ਦੇ ਉਦਘਾਟਨ ਮਗਰੋਂ ਸਫ਼ੀਰ ਕਵਾਤੜਾ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ, ਗਰੇਟਰ ਸਿਆਟਲ ਇਲਾਕੇ ਦੇ ਤਕਨਾਲੋਜੀ ਸਨਅਤ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਅਤੇ ਵਾਸ਼ਿੰਗਟਨ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।