ਮੈਂ ਦੂਜੇ ਦੇਸ਼ਾਂ ਦੇ ਆਗੂਆਂ ਨਾਲ ਸਤਿਕਾਰ ਨਾਲ ਪੇਸ਼ ਆਉਂਦਾ ਹਾਂ: ਐਲਬਨੀਜ਼
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਆਪਣੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਆਸਟਰੇਲਿਆਈ ਆਗੂ ਕਮਜ਼ੋਰ ਸਿਆਸਤਦਾਨ ਹੈ ਜਿਸ ਨੇ ਇਜ਼ਰਾਈਲ ਨਾਲ ਧੋਖਾ ਕੀਤਾ ਹੈ। ਨੇਤਨਯਾਹੂ ਵੱਲੋਂ ਅਜਿਹਾ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਕਰ ਕੇ ਕਿਹਾ ਗਿਆ ਹੈ। ਐਲਬਨੀਜ਼ ਨੇ ਅੱਜ ਸਪੱਸ਼ਟ ਜਵਾਬ ਦਿੰਦਿਆਂ ਕਿਹਾ, “ਮੈਂ ਦੂਜੇ ਦੇਸ਼ਾਂ ਦੇ ਆਗੂਆਂ ਨਾਲ ਸਤਿਕਾਰ ਨਾਲ ਪੇਸ਼ ਆਉਂਦਾ ਹਾਂ। ਮੈਂ ਉਨ੍ਹਾਂ ਨਾਲ ਕੂਟਨੀਤਕ ਤਰੀਕੇ ਨਾਲ ਗੱਲ ਕਰਦਾ ਹਾਂ। ਮੈਂ ਇਨ੍ਹਾਂ ਗੱਲਾਂ ਨੂੰ ਨਿੱਜੀ ਤੌਰ ’ਤੇ ਨਹੀਂ ਲੈਂਦਾ। ਲਗਾਤਾਰ ਵਧ ਰਹੀ ਆਲਮੀ ਚਿੰਤਾ ਦਾ ਕਾਰਨ ਇਹ ਹੈ ਕਿ ਲੋਕ ਉਸ ਹਿੰਸਾ ਦੇ ਦੌਰ ਦਾ ਅੰਤ ਦੇਖਣਾ ਚਾਹੁੰਦੇ ਹਨ ਜੋ ਅਸੀਂ ਬਹੁਤ ਲੰਬੇ ਸਮੇਂ ਤੋਂ ਦੇਖ ਰਹੇ ਹਾਂ। ਇਹੀ ਆਸਟਰੇਲਿਆਈ ਵੀ ਦੇਖਣਾ ਚਾਹੁੰਦੇ ਹਨ।”
ਨੇਤਨਯਾਹੂ ਨੇ ਇਹ ਅਸਾਧਾਰਨ ਜਨਤਕ ਨਾਰਾਜ਼ਗੀ 11 ਅਗਸਤ ਨੂੰ ਐਲਬਨੀਜ਼ ਦੇ ਐਲਾਨ ਤੋਂ ਬਾਅਦ ਜ਼ਾਹਿਰ ਕੀਤੀ, ਜਿਸ ਵਿੱਚ ਐਲਬਨੀਜ਼ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ’ਚ ਰਸਮੀ ਤੌਰ ’ਤੇ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦਾ ਸਮਰਥਨ ਕੀਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਆਸਟਰੇਲਿਆਈ ਅਤੇ ਇਜ਼ਰਾਇਲੀ ਵੀਜ਼ੇ ਆਪਸ ਵਿੱਚ ਰੱਦ ਕਰ ਦਿੱਤੇ ਗਏ। ਨੇਤਨਯਾਹੂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ, “ਇਤਿਹਾਸ ਐਲਬਨੀਜ਼ ਨੂੰ ਯਾਦ ਰੱਖੇਗਾ ਕਿ ਉਹ ਕਮਜ਼ੋਰ ਸਿਆਸਤਦਾਨ ਹੈ ਜਿਸ ਨੇ ਇਜ਼ਰਾਈਲ ਨੂੰ ਧੋਖਾ ਦਿੱਤਾ ਅਤੇ ਆਸਟਰੇਲੀਆ ਦੇ ਯਹੂਦੀਆਂ ਨੂੰ ਛੱਡ ਦਿੱਤਾ।”
ਨੇਤਨਯਾਹੂ ਨੇ ਆਸਟਰੇਲੀਆ ਵਿਰੁੱਧ ਗੁੱਸਾ ਕੱਢਿਆ: ਬਰਕ
ਆਸਟਰੇਲਿਆਈ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਅੱਜ ਬੈਂਜਾਮਿਨ ਨੇਤਨਯਾਹੂ ’ਤੇ ਆਸਟਰੇਲੀਆ ਵਿਰੁੱਧ ਗੁੱਸਾ ਕੱਢਣ ਦਾ ਦੋਸ਼ ਲਗਾਇਆ। ਬਰਕ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਐਲਬਨੀਜ਼ ਕਮਜ਼ੋਰ ਹਨ। ਬਰਕ ਨੇ ਆਸਟਰੇਲਿਆਈ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ‘‘ਤਾਕਤ ਇਸ ਗੱਲ ਨਾਲ ਨਹੀਂ ਮਾਪੀ ਜਾਂਦੀ ਕਿ ਤੁਸੀਂ ਕਿੰਨੇ ਲੋਕਾਂ ਨੂੰ ਉਡਾ ਸਕਦੇ ਹੋ ਜਾਂ ਕਿੰਨੇ ਬੱਚਿਆਂ ਨੂੰ ਭੁੱਖਾ ਛੱਡ ਸਕਦੇ ਹੋ।’’ ਬਰਕ ਨੇ ਸੋਮਵਾਰ ਨੂੰ ਫਲਸਤੀਨੀ ਰਾਜ ਸਬੰਧੀ ਇਜ਼ਰਾਈਲ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਸੀ ਜਦੋਂ ਉਨ੍ਹਾਂ ਇਜ਼ਰਾਇਲੀ ਕਾਨੂੰਨਸਾਜ਼ ਸਿਮਚਾ ਰੋਥਮੈਨ ਜੋ ਕਿ ਨੇਤਨਯਾਹੂ ਦੀ ਸਰਕਾਰ ਦੇ ਇੱਕ ਮੈਂਬਰ ਹਨ, ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਉਹ ਆਸਟਰੇਲੀਆ ਦੇ ਦੌਰੇ ’ਤੇ ਆਉਣ ਵਾਲੇ ਸਨ।