ਚੱਕਰਵਾਤੀ ਤੂਫਾਨ ‘ਰਗਾਸਾ’ ਕਰਕੇ ਹਾਂਗ ਕਾਂਗ ਹਵਾਈ ਅੱਡਾ ਅਗਲੇ 36 ਘੰਟਿਆਂ ਲਈ ਬੰਦ ਕਰਨ ਦੀ ਤਿਆਰੀ
ਹਾਂਗਕਾਂਗ ਕੌਮਾਂਤਰੀ ਹਵਾਈ ਅੱਡੇ ਨੇ ਚੱਕਰਵਾਤੀ ਤੂਫਾਨ ‘ਰਗਾਸਾ’ ਕਰਕੇ ਅਗਲੇ 36 ਘੰਟਿਆਂ ਲਈ ਸਾਰੀਆਂ ਕੌਮਾਂਤਰੀ ਉਡਾਣਾਂ ਮੁਅੱਤਲ ਕਰਨ ਦੀ ਤਿਆਰੀ ਖਿੱਚ ਲਈ ਹੈ।
ਬਲੂਮਬਰਗ ਨਿਊਜ਼ ਨੇ ਸੋਮਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਹਾਂਗ ਕਾਂਗ ਜਿਸ ਨੂੰ ਏਸ਼ੀਆ ਦੀ ਵਿੱਤੀ ਹੱਬ ਮੰਨਿਆ ਜਾਂਦਾ ਹੈ, ਆਪਣੇ ਸਭ ਤੋਂ ਸ਼ਕਤੀਸ਼ਾਲੀ ਸੁਪਰ ਚੱਕਰਵਾਤੀ ਤੂਫਾਨਾਂ ਵਿੱਚੋਂ ਇੱਕ ਦੇ ਟਾਕਰੇ ਲਈ ਤਿਆਰੀ ਕਰ ਰਿਹਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਪਰ ਟਾਈਫੂਨ ਰਗਾਸਾ ਦੇ ਅੱਗੇ ਵਧਣ ਕਾਰਨ ਹਵਾਈ ਅੱਡੇ ਅਤੇ ਹਵਾਬਾਜ਼ੀ ਅਧਿਕਾਰੀ ਮੰਗਲਵਾਰ ਸ਼ਾਮ 6 ਵਜੇ (1000 GMT) ਤੋਂ ਵੀਰਵਾਰ ਸਵੇਰੇ 6 ਵਜੇ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ ਲਈ ਤਿਆਰ ਹਨ।
ਏਅਰਪੋਰਟ ਅਥਾਰਟੀ ਹਾਂਗ ਕਾਂਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਚੱਕਰਵਾਤੀ ਤੂਫਾਨ ‘Ragasa’ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਤੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਰਗਾਸਾ ਦੇ ਉੱਤਰੀ ਲੁਜ਼ੋਨ ਵੱਲ ਵਧਣ ਕਰਕੇ ਫਿਲੀਪੀਨਜ਼ ਨੇ ਵੀ ਮੈਟਰੋ ਮਨੀਲਾ ਤੇ ਦੇਸ਼ ਦੇ ਇਕ ਵੱਡੇ ਹਿੱਸੇ ਵਿਚ ਕੰਮ ਰੋਕ ਦਿੱਤਾ ਹੈ।