ਐੱਚ-1ਬੀ ਵੀਜ਼ਾ: ਸੋਸ਼ਲ ਮੀਡੀਆ ਪ੍ਰੋਫਾਈਲ ਜਨਤਕ ਕਰਨ ਦੇ ਹੁਕਮ
ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਅਰਜ਼ੀਕਾਰਾਂ ਅਤੇ ਉਨ੍ਹਾਂ ’ਤੇ ਨਿਰਭਰ ਐੱਚ-4 ਵੀਜ਼ਾਧਾਰਕਾਂ ਲਈ ਜਾਂਚ ਅਤੇ ਤਸਦੀਕ ਦਾ ਅਮਲ ਸਖ਼ਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ਾਂ ਤਹਿਤ ਸਾਰੇ ਅਰਜ਼ੀਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਨਿੱਜਤਾ ਸੈਟਿੰਗਜ਼ ਜਨਤਕ (ਪਬਲਿਕ) ਰੱਖਣ ਲਈ ਕਿਹਾ ਗਿਆ ਹੈ। ਭਾਰਤੀ ਮਾਹਿਰ ਖਾਸ ਕਰ ਕੇ ਤਕਨਾਲੋਜੀ ਵਰਕਰ ਅਤੇ ਡਾਕਟਰ ਐੱਚ-1ਬੀ ਵੀਜ਼ੇ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ ਅਤੇ ਉਨ੍ਹਾਂ ਨੂੰ ਇਸ ਨਵੇਂ ਹੁਕਮ ਦੀ ਪਾਲਣਾ ਕਰਨੀ ਪਵੇਗੀ।
ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਕੀਤੇ ਨਵੇਂ ਹੁਕਮ ’ਚ ਕਿਹਾ ਕਿ 15 ਦਸੰਬਰ ਤੋਂ ਸਾਰੇ ਐੱਚ-1ਬੀ ਅਰਜ਼ੀਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਆਨਲਾਈਨ ਹਾਜ਼ਰੀ ਦੀ ਨਜ਼ਰਸਾਨੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿਦਿਆਰਥੀ (ਐੱਫ, ਐੱਮ) ਅਤੇ ਐਕਸਚੇਂਜ ਵਿਜ਼ਿਟਰ (ਜੇ ਵੀਜ਼ਾ) ਅਜਿਹੀ ਜਾਂਚ ਦੇ ਘੇਰੇ ’ਚ ਸਨ ਜਿਸ ਨੂੰ ਹੁਣ ਐੱਚ-1ਬੀ ਅਤੇ ਐੱਚ-4 ਵੀਜ਼ਾ ਤੱਕ ਵਧਾ ਦਿੱਤਾ ਗਿਆ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਹੱਕ ਨਹੀਂ ਸਗੋਂ ਵਿਸ਼ੇਸ਼ ਅਧਿਕਾਰ ਹੈ ਤੇ ਕੌਮੀ ਸੁਰੱਖਿਆ ਦੇ ਹਿੱਤ ’ਚ ਸਾਰੀ ਜਾਣਕਾਰੀ ਦੀ ਵਰਤੋਂ ਕਰ ਕੇ ਅਰਜ਼ੀਕਾਰਾਂ ਦੀ ਡੂੰਘੀ ਪੜਤਾਲ ਕੀਤੀ ਜਾਂਦੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਹਰ ਵੀਜ਼ਾ ਫ਼ੈਸਲਾ ਕੌਮੀ ਸੁਰੱਖਿਆ ਦਾ ਮਾਮਲਾ ਹੈ।
