ਗੋਇਲ ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਭਾਰਤ ’ਚ ਮੌਕੇ ਤਲਾਸ਼ਣ ਦੀ ਅਪੀਲ
ਭਾਰਤੀ ਬਾਜ਼ਾਰ ਦੇ ਆਕਾਰ, ਕਿਰਤ ਸ਼ਕਤੀ ਤੇ ਹੁਨਰ ’ਤੇ ਜ਼ੋਰ
Advertisement
ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਆਰਥਿਕ ਵਿਕਾਸ ਦੇ ਖੇਤਰ ਵਿੱਚ ਭਾਰਤ ਵੱਲੋਂ ਪੇਸ਼ ਮੌਕਿਆਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਗੋਇਲ ਨੇ ਅੱਜ ‘ਭਾਰਤ-ਸਿੰਗਾਪੁਰ @60 : ਵਿਕਾਸ ਲਈ ਭਾਈਵਾਲੀ’ ਵਿਸ਼ੇ ’ਤੇ ਨਿਵੇਸ਼ਕਾਂ ਨਾਲ ਮੀਟਿੰਗ ਵਿੱਚ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਭਾਰਤ ਵੱਲੋਂ ਪੇਸ਼ ਮੌਕਿਆਂ ਬਾਰੇ ਵਿਚਾਰ ਕਰੋ।’’ ਕੇਂਦਰੀ ਮੰਤਰੀ ਨੇ ਭਾਰਤ ਦੀਆਂ ਤਿੰਨ ਖ਼ਾਸ ਵਿਸ਼ੇਸ਼ਤਾਵਾਂ (ਇਸਦੇ ਬਾਜ਼ਾਰ ਦਾ ਆਕਾਰ, ਮੌਕੇ ਅਤੇ ਕਿਰਤ ਸ਼ਕਤੀ ਦੇ ਹੁਨਰ) ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਨਤਕ ਤੇ ਨਿੱਜੀ ਦੋਵਾਂ ਖੇਤਰਾਂ ਦੇ ਅਧਿਕਾਰੀ ਅਣਥੱਕ ਯਤਨ ਕਰ ਰਹੇ ਹਨ ਅਤੇ ਅਜਿਹੇ ਮਾਡਲ ਤਿਆਰ ਕਰ ਰਹੇ ਹਨ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਸਿੰਗਾਪੁਰ ਦੇ ਦੌਰੇ ’ਤੇ ਆਏ ਗੋਇਲ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਰਲ-ਮਿਲ ਕੇ ਕਈ ਨਵੀਆਂ ਚੁਣੌਤੀਆਂ ਪਾਰ ਕਰਨੀਆਂ ਹੋਣਗੀਆਂ।’’
ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਸਾਰੇ ਖੇਤਰਾਂ ਵਿੱਚ ਰਲਕੇ ਅੱਗੇ ਵਧਣ ਲਈ ਵਚਨਬੱਧ ਹਨ, ਭਾਵੇਂ ਉਹ ਪੂੰਜੀ ਦਾ ਖੇਤਰ ਹੋਵੇ, ਖੋਜ ਤੇ ਵਿਕਾਸ, ਮਨੁੱਖੀ ਸਰੋਤ, ਹੁਨਰ, ਪ੍ਰਤਿਭਾ ਜਾਂ ਸਿੱਖਿਆ ਦਾ ਖੇਤਰ ਹੋਵੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਸਾਰੇ ਵਣਜ ਤੇ ਉਦਯੋਗ ਮੰਡਲ, ਸਿੰਗਾਪੁਰ ਦੇ ਚੈਂਬਰਾਂ ਦੇ ਨਾਲ ਹੀ ਯੂਰਪੀ, ਅਮਰੀਕੀ ਅਤੇ ਜਪਾਨੀ ਕੰਪਨੀਆਂ ਦੇ ਨੁਮਾਇੰਦੇ ਸ਼ੁੱਕਰਵਾਰ ਨੂੰ ਇੱਕ ਮੰਚ ’ਤੇ ਇਕੱਤਰ ਹੋਏ ਤਾਂ ਜੋ ਭਾਰਤ ਵਿੱਚ ਮੌਜੂਦ ਮੌਕਿਆਂ ਦੀ ਤਲਾਸ਼ ਬਾਰੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤ-ਸਿੰਗਾਪੁਰ ਭਾਈਵਾਲੀ ਗਤੀ ਰਫ਼ਤਾਰ ਫੜੇਗੀ, ਜਿਸ ਨਾਲ ਏਸ਼ਿਆਈ ਵਿੱਤੀ ਹੱਬ (ਸਿੰਗਾਪੁਰ) ਅਤੇ ਭਾਰਤੀ ਬਾਜ਼ਾਰ ਦਰਮਿਆਨ ਸਬੰਧਾਂ ਵਿੱਚ ਵੱਡਾ ਬਦਲਾਅ ਆਵੇਗਾ।
Advertisement
Advertisement