ਗਾਜ਼ਾ ਹਸਪਤਾਲ ’ਤੇ ਹਮਲਾ, ਚਾਰ ਪੱਤਰਕਾਰਾਂ ਸਣੇ 15 ਹਲਾਕ
ਦੱਖਣੀ ਗਾਜ਼ਾ ਦੇ ਨਾਸਿਰ ਹਸਪਤਾਲ ’ਤੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਮਲੇ ’ਚ ਚਾਰ ਪੱਤਰਕਾਰਾਂ ਸਮੇਤ 15 ਵਿਅਕਤੀ ਮਾਰੇ ਗਏ। ਹਸਪਤਾਲ ਦੀ ਚੌਥੀ ਮੰਜ਼ਿਲ ’ਤੇ ਪੀੜਤ ਉਸ ਵੇਲੇ ਮਾਰੇ ਗਏ, ਜਦੋਂ ਇਕ ਮਿਜ਼ਾਈਲ ਉਥੇ ਆ ਕੇ ਡਿੱਗੀ ਅਤੇ ਕੁਝ ਸਮੇਂ ਬਾਅਦ ਹੀ ਇਕ ਹੋਰ ਮਿਜ਼ਾਈਲ ਨਾਲ ਉਸੇ ਥਾਂ ’ਤੇ ਦੁਬਾਰਾ ਹਮਲਾ ਕੀਤਾ ਗਿਆ। ਮ੍ਰਿਤਕਾਂ ’ਚ ਚਾਰ ਪੱਤਰਕਾਰ ਮਰੀਅਮ ਡੱਗਾ, ਮੁਹੰਮਦ ਸਲਾਮ, ਹਸਾਮ ਅਲ-ਮਸਰੀ ਅਤੇ ਹਾਤਿਮ ਖਾਲਿਦ ਸ਼ਾਮਲ ਹਨ। ਜੰਗ ਸ਼ੁਰੂ ਹੋਣ ਮਗਰੋਂ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਨਾਲ ਜੁੜੀ ਹੋਈ ਵਿਜ਼ੁਅਲ ਪੱਤਰਕਾਰ ਮਰੀਅਮ ਡੱਗਾ ਫਰੀਲਾਂਸਰ ਸੀ ਜਿਸ ਨੇ ਹੁਣੇ ਜਿਹੇ ਨਾਸਿਰ ਹਸਪਤਾਲ ’ਚ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਜੂਝ ਰਹੇ ਡਾਕਟਰਾਂ ਬਾਰੇ ਰਿਪੋਰਟ ਨਸ਼ਰ ਕੀਤੀ ਸੀ। ਇਹ ਬੱਚੇ ਕਿਸੇ ਬਿਮਾਰੀ ਕਾਰਨ ਨਹੀਂ ਸਗੋਂ ਭੁੱਖ ਕਾਰਨ ਮਰ ਰਹੇ ਸਨ। ਅਲ ਜਜ਼ੀਰਾ ਨੇ ਕਿਹਾ ਕਿ ਹਸਪਤਾਲ ’ਤੇ ਹਮਲੇ ’ਚ ਉਨ੍ਹਾਂ ਦਾ ਪੱਤਰਕਾਰ ਮੁਹੰਮਦ ਸਲਾਮ ਵੀ ਮਾਰਿਆ ਗਿਆ ਹੈ।
ਇਸੇ ਤਰ੍ਹਾਂ ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਉਸ ਦਾ ਕੰਟਰੈਕਟ ਤੇ ਕੰਮ ਕਰ ਰਿਹਾ ਕੈਮਰਾਮੈਨ ਹਸਾਮ ਅਲ-ਮਸਰੀ ਅਤੇ ਫੋਟੋਗ੍ਰਾਫਰ ਹਾਤਿਮ ਖਾਲਿਦ ਵੀ ਹਮਲੇ ’ਚ ਮਾਰੇ ਗਏ ਹਨ। ਇਜ਼ਰਾਈਲ-ਹਮਾਸ ਜੰਗ ਮੀਡੀਆ ਵਰਕਰਾਂ ਲਈ ਸਭ ਤੋਂ ਵੱਧ ਘਾਤਕ ਸਾਬਤ ਹੋਈ ਹੈ ਅਤੇ 22 ਮਹੀਨਿਆਂ ਦੀ ਜੰਗ ਦੌਰਾਨ ਗਾਜ਼ਾ ’ਚ 192 ਪੱਤਰਕਾਰ ਮਾਰੇ ਜਾ ਚੁੱਕੇ ਹਨ। ਉਧਰ ਗਾਜ਼ਾ ਸਿਟੀ ਦੇ ਗੁਆਂਢ ’ਚ ਹੋਏ ਹਮਲੇ ਦੌਰਾਨ ਇਕ ਬੱਚੇ ਸਮੇਤ ਤਿੰਨ ਫਲਸਤੀਨੀ ਮਾਰੇ ਗਏ।
ਹਿਜ਼ਬੁੱਲਾ ਹਥਿਆਰ ਸੁੱਟ ਦੇਵੇ ਤਾਂ ਲਿਬਨਾਨ ’ਚੋਂ ਫੌਜ ਹਟਾ ਲਵਾਂਗੇ: ਨੇਤਨਯਾਹੂ
ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਲਿਬਨਾਨੀ ਕੈਬਨਿਟ ਵੱਲੋਂ ਹਿਜ਼ਬੁੱਲਾ ਨੂੰ ਮੌਜੂਦਾ ਵਰ੍ਹੇ ਦੇ ਅਖੀਰ ਤੱਕ ਹਥਿਆਰਾਂ ਤੋਂ ਮੁਕਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਹਿਜ਼ਬੁੱਲਾ ਨੇ ਹਥਿਆਰ ਸੁੱਟ ਦਿੱਤੇ ਤਾਂ ਇਜ਼ਰਾਈਲ ਆਪਣੀ ਫੌਜ ’ਚ ਪੜਾਅਵਾਰ ਕਟੌਤੀ ਕਰੇਗਾ ਅਤੇ ਉਸ ਮਗਰੋਂ ਉਹ ਪੂਰੀ ਫੌਜ ਲਿਬਨਾਨ ’ਚੋਂ ਹਟਾ ਲੈਣਗੇ।