ਜੰਗਬੰਦੀ ਦੇ ਬਾਵਜੂਦ ਗਾਜ਼ਾ ਦੇ ਪਰਿਵਾਰ ਅਜੇ ਵੀ ਬਿਜਲੀ ਤੋਂ ਵਾਂਝੇ
ਗਾਜ਼ਾ ਵਿੱਚ ਪਿਛਲੇ ਮਹੀਨੇ ਇਜ਼ਰਾਈਲ-ਹਮਾਸ ਜੰਗਬੰਦੀ ਹੋਣ ਦੇ ਬਾਵਜੂਦ, 31 ਸਾਲਾ ਫਲਸਤੀਨੀ ਮਾਂ ਹਨਾਨ ਅਲ-ਜੌਜੌ ਨੂੰ ਆਪਣੇ ਤਿੰਨ ਬੱਚਿਆਂ ਨੂੰ ਫਲੈਸ਼ਲਾਈਟ ਦੀ ਰੌਸ਼ਨੀ ਵਿੱਚ ਖਾਣਾ ਖਿਲਾਉਣਾ ਪੈਂਦਾ ਹੈ ਕਿਉਂਕਿ ਇੱਥੇ ਕੋਈ ਬਿਜਲੀ ਨਹੀਂ ਹੈ। ਜੇ ਉਹ ਫਲੈਸ਼ਲਾਈਟ ਚਾਰਜ ਕਰਨ ਦਾ ਖਰਚਾ ਨਹੀਂ ਕਰ ਸਕਦੇ, ਤਾਂ ਉਹ ਬਿਨਾਂ ਖਾਣੇ ਦੇ ਰਹਿੰਦੇ ਹਨ।
ਅਲ-ਜੌਜੌ ਨੇ ਦੱਸਿਆ, “ ਸੂਰਜ ਡੁੱਬਣ ਅਤੇ ਮਗ਼ਰਿਬ ਦੀ ਅਜ਼ਾਨ ਹੋਣ ਤੋਂ ਬਾਅਦ ਅਸੀਂ ਹਨੇਰੇ ਵਿੱਚ ਰਹਿੰਦੇ ਹਾਂ। ਅਸੀਂ ਰਾਤ ਦੇ ਖਾਣੇ ਜਾਂ ਰੌਸ਼ਨੀ ਤੋਂ ਬਿਨਾਂ ਸੌਂ ਜਾਂਦੇ ਹਾਂ।”
ਉਸ ਦਾ ਪਰਿਵਾਰ ਦੋ ਸਾਲ ਪਹਿਲਾਂ ਜੰਗ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਤੋਂ ਬਿਨਾਂ ਜੀਅ ਰਿਹਾ ਹੈ। ਜਦੋਂ ਉਹ ਪਹਿਲੀ ਵਾਰ ਦੱਖਣੀ ਗਾਜ਼ਾ ਦੇ ਰਫਾਹ ਸ਼ਹਿਰ ਵਿੱਚ ਵਿਸਥਾਪਿਤ ਹੋਏ ਸਨ ਤਾਂ ਉਹ ਮੋਮਬੱਤੀਆਂ ’ਤੇ ਨਿਰਭਰ ਸਨ।
ਫਿਰ ਉਨ੍ਹਾਂ ਨੇ ਅੱਗ ਲੱਗਣ ਦੇ ਡਰੋਂ ਮੋਮਬੱਤੀਆਂ ਦੀ ਵਰਤੋਂ ਵੀ ਛੱਡ ਦਿੱਤੀ। ਅਲ-ਜੌਜੌ ਨੇ ਕਿਹਾ, “ ਅਸੀਂ ਇੱਕ ਸਧਾਰਨ LED ਲਾਈਟ ਦੀ ਕੋਸ਼ਿਸ਼ ਕੀਤੀ, ਪਰ ਉਹ ਟੁੱਟ ਗਈ। ਸਾਡੇ ਕੋਲ ਇਸਨੂੰ ਠੀਕ ਕਰਵਾਉਣ ਲਈ ਪੈਸੇ ਨਹੀਂ ਹਨ। ਅਸੀਂ ਬੈਟਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਹ ਮਹਿੰਗੀ ਹੈ ਅਤੇ ਮਿਲਦੀ ਨਹੀਂ।”
ਜੰਗ ਤੋਂ ਪਹਿਲਾਂ, ਗਾਜ਼ਾ ਜ਼ਿਆਦਾਤਰ ਇਜ਼ਰਾਈਲ ਤੋਂ ਆਯਾਤ ਕੀਤੀ ਬਿਜਲੀ ’ਤੇ ਨਿਰਭਰ ਕਰਦਾ ਸੀ, ਹਾਲਾਂਕਿ ਸਪਲਾਈ ਅਨਿਯਮਿਤ ਸੀ। ਗਾਜ਼ਾ ਦੇ ਅਧਿਕਾਰੀਆਂ ਅਨੁਸਾਰ, ਇਸ ਨੂੰ ਇਜ਼ਰਾਈਲ ਤੋਂ 120 ਮੈਗਾਵਾਟ ਬਿਜਲੀ ਮਿਲਦੀ ਸੀ, ਜਦੋਂ ਕਿ ਇੱਥੋਂ ਦਾ ਇਕਲੌਤਾ ਪਾਵਰ ਪਲਾਂਟ ਹੋਰ 60 ਮੈਗਾਵਾਟ ਸਪਲਾਈ ਕਰਦਾ ਸੀ।
7 ਅਕਤੂਬਰ, 2023 ਨੂੰ ਹਮਾਸ ਦੇ ਅਤਿਵਾਦੀਆਂ ਵੱਲੋਂ ਦੱਖਣੀ ਇਜ਼ਰਾਈਲ ’ਤੇ ਹਮਲਾ ਕਰਨ ਤੋਂ ਤੁਰੰਤ ਬਾਅਦ, ਜਿਸ ਵਿੱਚ ਇਜ਼ਰਾਈਲੀ ਅੰਕੜਿਆਂ ਅਨੁਸਾਰ 1,200 ਲੋਕ ਮਾਰੇ ਗਏ ਸਨ, ਇਜ਼ਰਾਈਲ ਨੇ ਗਾਜ਼ਾ ਦੀ ‘ਪੂਰੀ ਘੇਰਾਬੰਦੀ’ ਕਰ ਦਿੱਤੀ ਸੀ।
ਗਾਜ਼ਾ ਦੇ ਪਾਵਰ ਸਟੇਸ਼ਨ ਦਾ ਤੇਲ ਕੁਝ ਦਿਨਾਂ ਵਿੱਚ ਖਤਮ ਹੋਣ ਤੋਂ ਬਾਅਦ ਉੱਥੇ ਬਿਜਲੀ ਚਲੀ ਗਈ। ਕੁਝ ਵਸਨੀਕ ਸੋਲਰ ਪਾਵਰ ਜਾਂ ਨਿੱਜੀ ਜਨਰੇਟਰਾਂ ਰਾਹੀਂ ਚਾਰਜਿੰਗ ਪੁਆਇੰਟ ਚਲਾਉਂਦੇ ਹਨ, ਕਿਉਂਕਿ ਜੰਗ ਨੇ ਗਾਜ਼ਾ ਦੇ ਬਿਜਲੀ ਗਰਿੱਡ ਅਤੇ ਤਾਰਾਂ ਨੂੰ ਤਬਾਹ ਕਰ ਦਿੱਤਾ ਹੈ।
